ਧੂਰੀ, 28 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਵਿਕਾਸ ਮੰਚ ਨੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਸੰਗਰੂਰ ਰੋਡ ਉੱਤੇ ਸੜਕ ਦੇ ਡਿਵਾਈਡਰ 'ਤੇ ਬੂਟੇ ਲਗਾ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ | ਮੰਚ ਦੇ ਬੁਲਾਰਿਆਂ ਨੇ ਕਿਹਾ ਕਿ ਸੰਸਥਾ ਹਮੇਸ਼ਾ ਹੀ ਸ਼ਹਿਰ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਸਰਗਰਮ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਧੂਰੀ ਸ਼ਹਿਰ ਦੇ ਹੋਰ ਵੱਖ-ਵੱਖ ਖੇਤਰਾਂ ਵਿਚ ਵੀ ਛਾਂਦਾਰ, ਫੁੱਲਦਾਰ ਅਤੇ ਫਲਦਾਰ ਬੂਟੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਮਾਹੌਲ ਮਿਲ ਸਕੇ | ਇਸ ਸਬੰਧੀ ਮੰਚ ਵੱਲੋਂ ਵਣ ਮੰਡਲ ਦੇ ਅਧਿਕਾਰੀ ਨੂੰ ਪੱਤਰ ਲਿਖ ਕੇ ਬੂਟਿਆਂ ਦੀ ਮੰਗ ਕੀਤੀ ਗਈ ਹੈ, ਤਾਂ ਜੋ ਵੱਡੇ ਪੱਧਰ 'ਤੇ ਹਰਾ-ਭਰਾ ਮੁਹਿੰਮ ਚਲਾਈ ਜਾ ਸਕੇ | ਬੁਲਾਰਿਆਂ ਨੇ ਹੋਰ ਦੱਸਿਆ ਕਿ ਹਰੇ-ਭਰੇ ਦਰਖਤਾਂ ਦੀ ਮੌਜੂਦਗੀ ਨਾਲ ਨਾ ਸਿਰਫ਼ ਸ਼ਹਿਰ ਦੀ ਖ਼ੂਬਸੂਰਤੀ ਵਧਦੀ ਹੈ, ਸਗੋਂ ਵਾਤਾਵਰਣ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਹਵਾ ਮਿਲਦੀ ਹੈ | ਇਹੋ ਜਿਹੇ ਯਤਨਾਂ ਨਾਲ ਭਵਿੱਖੀ ਪੀੜ੍ਹੀਆਂ ਲਈ ਵੀ ਇਕ ਵਧੀਆ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ | ਇਸ ਮੌਕੇ ਉਪ-ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਪ੍ਰਧਾਨ ਅਮਨ ਗਰਗ, ਜਨਰਲ ਸਕੱਤਰ ਹੰਸ ਰਾਜ ਬਜਾਜ ਅਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਵੀ ਹਾਜ਼ਰ ਸਨ | ਉਨ੍ਹਾਂ ਸਾਰੇ ਨੇ ਇੱਕਜੁੱਟ ਹੋ ਕੇ ਇਹ ਸੁਨੇਹਾ ਦਿੱਤਾ ਕਿ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਹਰ ਵਰਗ ਦੇ ਨਾਗਰਿਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਧੂਰੀ ਵਿਕਾਸ ਮੰਚ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਸ਼ਹਿਰ ਦੇ ਹਰੇ-ਭਰੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਵੇਖੀ ਜਾ ਰਹੀ ਹੈ |