ਸੰਗਰੂਰ, 28 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਸੰਗਰੂਰ ਦੇ ਪ੍ਰਧਾਨ ਅਤੇ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਹੈ ਕਿ ਬਜ਼ੁਰਗ ਸਾਡੀ ਸਭਿਅਤਾ ਦੇ ਚਾਨਣ ਮੁਨਾਰੇ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਅਗਲੀ ਪੀੜ੍ਹੀ ਨੇ ਮੰਜ਼ਿਲਾਂ ਤੈਅ ਕਰਨੀਆਂ ਹਨ | ਜਿਹੜੀ ਪੀੜ੍ਹੀ ਆਪਣੇ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦੀ ਅਤੇ ਉਨ੍ਹਾਂ ਤੋਂ ਸੇਧ ਨਹੀਂ ਲੈਂਦੀ ਉਹ ਆਪਣੇ ਰਾਹ ਤੋਂ ਭਟਕ ਜਾਂਦੀ ਹੈ | ਬਜ਼ੁਰਗਾਂ ਨੇ ਪਰਿਵਾਰਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ | ਅਜੌਕੇ ਸਮੇਂ ਵਿਚ ਜਿਹੜੇ ਆਪਣੇ ਬਜ਼ੁਰਗਾਂ ਦਾ ਮਾਨ ਸਤਿਕਾਰ ਨਹੀਂ ਕਰਦੇ ਉਨ੍ਹਾਂ ਦੇ ਪਰਿਵਾਰ ਬਿਖਰ ਰਹੇ ਹਨ | ਇਸ ਲਈ ਸਾਨੂੰ ਸਮਾਜਿਕ ਤੌਰ 'ਤੇ ਅਤੇ ਸਰਕਾਰੀ ਤੌਰ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਸਤਿਕਾਰ ਲਈ ਯੋਜਨਾਵਾਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ | ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ , ਸਮਾਜ ਸੇਵੀ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਜਨਰਲ ਸਕੱਤਰ ਸਾਬਕਾ ਸੀਨੀਅਰ ਮੈਨੇਜਰ (ਬੈਂਕ) ਸ੍ਰੀ ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ | ਉਨ੍ਹਾਂ ਦੇ ਰਹਿੰਦੇ ਘਰ ਵਿਚ ਕਿਸੇ ਨੂੰ ਕੋਈ ਫ਼ਿਕਰ ਨਹੀਂ ਹੁੰਦਾ | ਥਾਂ-ਥਾਂ 'ਤੇ ਖੁੱਲ੍ਹ ਰਹੇ ਬਿਰਧ ਆਸ਼ਰਮ ਲੋਕਾਂ ਦੀ ਧਰਮ ਦੀ ਸਿੱਖਿਆ ਤੋਂ ਦੂਰ ਜਾਣ ਦੀ ਨਿਸ਼ਾਨੀ ਹਨ | ਬਜ਼ੁਰਗਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਘਰ੍ਹਾਂ ਵਿਚ ਹੀ ਕਰਨੀ ਚਾਹੀਦੀ ਹੈ ਅਤੇ ਕਿਹਾ ਕਿ ਜਿਹੜੇ ਘਰਾਂ ਵਿਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ ਉਸ ਘਰ ਵਿਚ ਹਮੇਸ਼ਾ ਖ਼ੁਸ਼ੀਆਂ ਰਹਿੰਦੀਆਂ ਹਨ | ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਪ੍ਰੋ. ਸੁਰੇਸ਼ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬਜ਼ੁਰਗਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ | ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਸਰਪ੍ਰਸਤ ਅਤੇ ਖੱਤਰੀ ਸਭਾ ਦੇ ਸੂਬਾ ਪ੍ਰਧਾਨ ਸ੍ਰੀ. ਦਲਜੀਤ ਸਿੰਘ ਜ਼ਖ਼ਮੀ ਨੇ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ | ਬਜ਼ੁਰਗਾਂ ਦੇ ਤਜਰਬੇ ਤੋਂ ਲਾਭ ਲੈਣਾ ਚਾਹੀਦਾ ਹੈ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਦੱਸਿਆ ਕਿ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ 01 ਅਕਤੂਬਰ ਨੂੰ ਬਨਾਸਰ ਬਾਗ ਵਿਖੇ ਸਥਿਤ ਬਜ਼ੁਰਗਾਂ ਦੇ ਵਿਹੜੇ ਵਿਚ ਮਨਾਇਆ ਜਾ ਰਿਹਾ ਹੈ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਐਡਵੋਕੇਟ ਹਰਪਾਲ ਸਿੰਘ ਚੀਮਾਂ, ਕੈਬਨਿਟ ਮੰਤਰੀ ਵਿੱਤ, ਯੋਜਨਾ ਅਤੇ ਆਬਕਾਰੀ ਤੇ ਕਰ ਮੰਤਰੀ ਹੋਣਗੇ ਜੋ ਬਜ਼ੁਰਗਾਂ ਅਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕਰਨਗੇ | ਜਦੋਂ ਕਿ ਸ੍ਰੀ ਰਾਹੁਲ ਚਾਬਾ ਆਈ.ਏ.ਐਸ. ਡਿਪਟੀ ਕਮਿਸ਼ਨਰ ਸੰਗਰੂਰ ਸਮਾਗਮ ਦੀ ਪ੍ਰਧਾਨਗੀ ਅਤੇ ਡਾ. ਲਵਲੀਨ ਵੜਿੰਗ ਜ਼ਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫ਼ਸਰ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ | ਇਹ ਦਿਹਾੜਾ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਸਥਾਪਨਾ ਦਿਵਸ ਵਜੋਂ ਸਿਲਵਰ ਜੁਬਲੀ ਦਿਵਸ ਵਜੋਂ ਮਨਾਇਆ ਜਾਵੇਗਾ |