ਲਹਿਰਾਗਾਗਾ, 21 ਅਕਤੂਬਰ (ਅਸ਼ੋਕ ਗਰਗ) - ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਇੱਥੇ ਲਹਿਰਾਗਾਗਾ ਰੇਲਵੇ ਸਟੇਸ਼ਨ 'ਤੇ ਡੀ.ਆਰ.ਐਮ. ਰੇਲਵੇ, ਅੰਬਾਲਾ ਡਿਵੀਜ਼ਨ ਵਿਨੋਦ ਕੁਮਾਰ ਭਾਟੀਆ ਨਾਲ ਮੁਲਾਕਾਤ ਕਰ ਕੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀਆਂ ਰੇਲਵੇ ਨਾਲ ਸਬੰਧਿਤ ਮੰਗਾਂ ਰੱਖੀਆਂ ਕਿ ਰੇਲਵੇ ਪਲੇਟਫ਼ਾਰਮ 'ਤੇ ਸ਼ੈੱਡ ਪਾਇਆ ਜਾਵੇ ਅਤੇ ਓਵਰਬਿ੍ਜ ਨੂੰ ਪਲੇਟਫ਼ਾਰਮ 'ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਿਕ ਖੋਲਿ੍ਹਆ ਜਾਵੇ | ਇਸ ਦੇ ਨਾਲ- ਨਾਲ ਰੇਲ ਲਾਈਨ ਸਬੰਧੀ ਪ੍ਰਸਤਾਵਿਤ ਕੰਧਾਂ ਬਾਬਤ ਲੋਕਾਂ ਨੂੰ ਲਾਂਘੇ ਦੀ ਸਹੂਲਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ | ਕੈਬਨਿਟ ਮੰਤਰੀ ਨੇ ਦੱਸਿਆ ਕਿ ਰੇਲਵੇ ਲਾਈਨ ਕਰ ਕੇ ਸ਼ਹਿਰ 02 ਹਿੱਸਿਆਂ ਵਿਚ ਵੰਡਿਆ ਹੋਇਆ ਹੈ | ਇੱਕ ਪਾਸੇ 08 ਵਾਰਡ ਹਨ ਤੇ ਦੂਜੇ ਪਾਸੇ 07 ਵਾਰਡ ਹਨ | ਬੈਂਕਾਂ ਸਮੇਤ ਕਈ ਅਦਾਰੇ ਇੱਕ ਪਾਸੇ ਅਤੇ ਕਈ ਹੋਰ ਅਹਿਮ ਅਦਾਰੇ ਦੂਜੇ ਪਾਸੇ ਹਨ | ਇਸ ਲਈ ਜ਼ਰੂਰੀ ਹੈ ਕਿ ਲੋਕ ਜਿਵੇਂ ਪਿਛਲੇ 50-60 ਸਾਲ ਤੋਂ ਇੱਕ-ਦੂਜੇ ਪਾਸੇ ਜਾ ਕੇ ਆਪਣੇ ਕੰਮ ਕਰਦੇ ਰਹੇ ਹਨ | ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਨੂੰ ਅੱਵਲ ਦਰਜੇ ਦਾ ਹਲਕਾ ਬਣਾਉਣ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਡੀ.ਆਰ.ਐਮ. ਰੇਲਵੇ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੰਗਾਂ ਉੱਤੇ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕਰ ਕੇ ਹਰ ਸੰਭਵ ਹੱਲ ਕੀਤਾ ਜਾਵੇਗਾ | ਇਸ ਮੌਕੇ ਸ਼ੀਸ਼ਪਾਲ ਅੰਨਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ, ਚਰਨਜੀਤ ਸ਼ਰਮਾ ਬਲਾਕ ਪ੍ਰਧਾਨ ਲਹਿਲ ਕਲਾਂ, ਪਿ੍ੰਸ ਗਰਗ ਕੋਆਰਡੀਨੇਟਰ ਹਲਕਾ ਲਹਿਰਾ ਟਰੇਡ ਵਿੰਗ, ਮੇਘ ਰਾਜ, ਬਾਬੂ ਸ਼ੀਸ਼ਪਾਲ ਗਰਗ, ਨੰਦ ਲਾਲ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ |