ਛਾਜਲੀ, 3 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਹਲਕੇ ਦੇ 11 ਪਿੰਡਾਂ ਦੇ 81 ਹੜ੍ਹ ਪੀੜਤ ਕਿਸਾਨਾਂ ਨੂੰ ਕੁੱਲ 22.71 ਲੱਖ ਰੁਪਏ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ | ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਅਮਲ ਵਿਚ ਲਿਆਉਂਦੇ ਹੋਏ ਪਹਿਲੀ ਵਾਰ ਨੁਕਸਾਨ ਦੀ ਗਿਣਤੀ ਦੇ ਕੇਵਲ 30 ਦਿਨਾਂ ਅੰਦਰ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੁਆਵਜ਼ੇ ਦੀ ਰਕਮ ਤਿੰਨ ਗੁਣਾ ਤੱਕ ਵਧਾ ਕੇ ਹੁਣ ਪ੍ਰਤੀ ਏਕੜ ਨੁਕਸਾਨ ਲਈ 20 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ | 'ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੀ ਹੈ ਤੇ ਹਰੇਕ ਪੀੜਤ ਕਿਸਾਨ ਦੇ ਨਾਲ ਖੜੀ ਹੈ,' ਚੀਮਾ ਨੇ ਕਿਹਾ | ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਸਾਰੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਪਹੁੰਚਾਉਣ ਲਈ ਸਰਕਾਰ ਵਚਨਬੱਧ ਹੈ | ਸੂਬੇ ਭਰ ਲਈ ਪਹਿਲੀ ਕਿਸ਼ਤ ਵਜੋਂ 209 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ | ਚੀਮਾ ਨੇ ਦਿੜ੍ਹਬਾ ਹਲਕੇ ਦੇ ਪਿੰਡ ਉਗਰਾਹਾਂ, ਨੀਲੋਵਾਲ, ਹੰਬਲਵਾਸ, ਰਤਨਗੜ੍ਹ, ਛਾਜਲੀ, ਭੈਣੀ ਗੰਢੂਆ, ਕਣਕਵਾਲ ਭੰਗੂਆਂ, ਗੋਬਿੰਦਗੜ੍ਹ ਜੇਜੀਆਂ ਤੇ ਧਰਮਗੜ੍ਹ ਸਮੇਤ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਹਰੇਕ ਹੜ੍ਹ ਪੀੜਤ ਨੂੰ ਇਨਸਾਫ਼ ਮਿਲੇਗਾ | ਇਸ ਮੌਕੇ ਕੈਬਨਿਟ ਮੰਤਰੀ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਐੱਸ.ਡੀ.ਐਮ. ਦਿੜ੍ਹਬਾ ਰਾਜੇਸ਼ ਕੁਮਾਰ, ਤਹਿਸੀਲਦਾਰ ਰਾਜਵਿੰਦਰ ਕੌਰ ਸਮੇਤ ਕਈ ਅਧਿਕਾਰੀ, ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |