ਅਹਿਮਦਗੜ੍ਹ, 3 ਨਵੰਬਰ (ਰਵਿੰਦਰ ਪੁਰੀ) - ਪਿਛਲੇ ਸਮੇਂ ਦੌਰਾਨ ਜਿੱਥੇ ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾ ਕੇ ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਬਰਬਾਦ ਕਰ ਕੇ ਜ਼ਮੀਨ ਵੀ ਆਪਣੀ ਲਪੇਟ ਵਿਚ ਲੈ ਲਈ ਸੀ, ਉਥੇ ਹੀ ਪੰਜਾਬ ਦੇ ਦੂਸਰੇ ਹਿੱਸੇ ਵਿਚ, ਜਿੱਥੇ ਹੜ੍ਹ ਨਹੀਂ ਆਏ, ਮੀਂਹ ਅਤੇ ਡੋਡੀ ਪੈਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਝਾੜ ਵੱਡੀ ਮਾਤਰਾ ਵਿਚ ਘੱਟ ਜਾਣ ਨਾਲ ਕਿਸਾਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਆਰਥਿਕ ਸੱਟ ਵੱਜੀ ਹੈ, ਜਿਸ ਨੂੰ ਆਉਣ ਵਾਲੇ ਕਈ ਸਾਲਾਂ ਵਿਚ ਵੀ ਪੂਰਾ ਕਰਨਾ ਨਾ ਮੁਮਕਿਨ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਝੋਨੇ ਦੀ ਫ਼ਸਲ 'ਤੇ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦਿੱਤਾ ਜਾਵੇ | ਝਾੜ ਵਿਚ ਹੋਈ ਵੱਡੀ ਘਾਟ ਕਾਰਨ ਜਿੱਥੇ ਉਹ ਆਪਣੇ ਖ਼ਰਚੇ ਵੀ ਪੂਰੇ ਕਰਨ ਤੋਂ ਅਸਮਰਥ ਹਨ, ਉਥੇ ਹੀ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਦਿੱਕਤਾਂ ਹੋਣਗੀਆਂ |