ਸਿੱਧਵਾਂ ਬੇਟ (ਲੁਧਿਆਣਾ), 3 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-31 ਅਕਤੂਬਰ ਨੂੰ ਦਿਨ-ਦਿਹਾੜੇ ਜਗਰਾਉਂ ਸ਼ਹਿਰ ਦੀ ਡਾ. ਹਰੀ ਸਿੰਘ ਰੋਡ 'ਤੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਮੌਤ ਦੇ ਮੂੰਹ ਜਾ ਪਏ ਆਪਣੇ ਮਾਪਿਆਂ ਦੇ ਇਕਲੌਤੇ 26 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਖੈਹਿਰਾ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਮਿ੍ਤਕ ਤੇਜਪਾਲ ਦੇ ਲਾਗਲੇ ਪਿੰਡ ਗਿੱਦੜਵਿੰਡੀ ਪੁੱਜੇ ਜਗਰਾਉਂ ਪੁਲਿਸ ਡਿਵੀਜ਼ਨ ਦੇ ਉੱਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਢੀਂਡਸਾ, ਉੱਪ ਪੁਲਿਸ ਕਪਤਾਨ (ਡੀ) ਜਤਿੰਦਰ ਸਿੰਘ ਚੋਪੜਾ ਅਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ: ਹੀਰਾ ਸਿੰਘ ਨੇ ਉਨ੍ਹਾਂ ਦੇ ਪਿਤਾ ਰਘਵੀਰ ਸਿੰਘ ਖੈਹਿਰਾ, ਮਾਤਾ ਜਸਵਿੰਦਰ ਕੌਰ ਖੈਹਿਰਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ | ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਮਿ੍ਤਕ ਤੇਜਪਾਲ ਸਿੰਘ ਦੇ ਦਰਜ ਮਾਮਲੇ ਵਿਚ ਨਾਮਜ਼ਦ ਤਿੰਨ ਦੋਸ਼ੀਆਂ ਵਿਚੋਂ ਹਰਪ੍ਰੀਤ ਸਿੰਘ ਹਨੀ ਪੁੱਤਰ ਦਲਜੀਤ ਸਿੰਘ ਵਾਸੀ ਰੂਮੀ ਅਤੇ ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲੀ ਚਾਹਲਾਂ ਨੂੰ ਤਾਂ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਦੋਸ਼ੀ ਹਰਜੋਬਨਪ੍ਰੀਤ ਸਿੰਘ ਕਾਲਾ ਪੁੱਤਰ ਦਲਜੀਤ ਸਿੰਘ ਵਾਸੀ ਰੂਮੀ ਦੀ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵਲੋਂ ਭਾਲ ਜਾਰੀ ਹੈ ਅਤੇ ਉਸ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਦੂਜੇ ਪਾਸੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਆਖ ਕੇ ਮਿ੍ਤਕ ਤੇਜਪਾਲ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਜਿੰਨ੍ਹਾਂ ਚਿਰ ਤੀਜੇ ਦੋਸ਼ੀ ਹਰਜੋਬਨਪ੍ਰੀਤ ਸਿੰਘ ਕਾਲਾ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਅਸੀਂ ਆਪਣੇ ਪੁੱਤ ਦਾ ਪੋਸਟਮਾਰਟਮ ਨਹੀਂ ਕਰਾਵਾਂਗੇ | ਇਸ ਮੌਕੇ ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਪੰਚ ਮਨੀ ਗਰਗ, ਪੰਚ ਅਜੈਬ ਸਿੰਘ, ਜਸਵੀਰ ਸਿੰਘ, ਅਨਮੋਲ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |
ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਪਰਿਵਾਰਕ ਮੈਂਬਰਾਂ ਨੇ ਕੀਤਾ ਇਨਕਾਰ <br/>
ਅਜੀਤ ਡੈਸਕ
04-11-2025