ਸੰਗਰੂਰ, 3 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਹੇਠ ਸਰਪੰਚਾਂ ਨੇ ਇੱਕ ਵਫ਼ਦ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ-ਪੱਤਰ ਦਿੰਦਿਆ ਮੰਗ ਕੀਤੀ ਹੈ ਕਿ ਗਾਇਕ ਗੁਲਾਬ ਸਿੰਘ ਸਿੱਧੂ ਵਲੋਂ ਆਪਣੇ ਗੀਤ ਵਿਚ ਸਰਪੰਚਾਂ ਖ਼ਿਲਾਫ਼ ਕੀਤੇ ਗਏ ਅਪਮਾਨਜਨਕ ਸ਼ਬਦਾਂ ਕਾਰਨ ਉਪਰੋਕਤ ਗੀਤ ਨੂੰ ਤੁਰੰਤ ਸਾਰੇ ਮੀਡੀਆ ਪਲੇਟਫ਼ਾਰਮਾਂ ਤੋਂ ਹਟਾਇਆ ਜਾਵੇ | ਉਨ੍ਹਾਂ ਕਿਹਾ ਕਿ ਗਾਇਕ ਦਾ ਗਾਇਆ ਗੀਤ ਜਿਸ ਦੇ ਸ਼ਬਦ ਹਨ ਕਿ ਸਰਪੰਚ ਸਣੇ ਸਾਰਾ ਪਿੰਡ ਫੂਕ ਦੂ ਦੀ ਸ਼ਬਦਾਵਲੀ ਬਹੁਤ ਹੀ ਅਪਮਾਨਜਨਕ, ਗਲਤ ਸ਼ਬਦਾਵਲੀ ਹੈ | ਇਸ ਤਰ੍ਹਾਂ ਦੇ ਬੋਲ ਸਿਰਫ਼ ਸਰਪੰਚਾਂ ਦੀ ਹੀ ਨਹੀਂ ਸਗੋਂ ਪੂਰੀ ਪੰਚਾਇਤੀ ਪ੍ਰਣਾਲੀ ਅਤੇ ਲੋਕਤੰਤਰੀ ਸੰਸਥਾਵਾਂ ਦੀ ਤੌਹੀਨ ਹੈ ਜੋ ਪਿੰਡ ਪੱਧਰ ਉੱਤੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਇੱਜ਼ਤ ਘਟਾਉਣਾ ਹੈ ਜੋ ਕਿਸੇ ਵੀ ਪੱਖੋਂ ਬਰਦਾਸ਼ਤਯੋਗ ਨਹੀਂ ਹੈ | ਉਨ੍ਹਾਂ ਕਿਹਾ ਕਿ ਉਪਰੋਕਤ ਗੀਤ ਨੂੰ ਸਮਾਜਕ ਸਮਾਗਮਾਂ ਵਿਚ ਡੀ.ਜੇ ਆਦਿ ਉੱਤੇ ਚਲਾਉਣ ਦੀ ਵੀ ਪਾਬੰਦੀ ਲਗਾਏ ਜਾਵੇ ਅਤੇ ਉਪਰੋਕਤ ਗਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਅਜਿਹੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਨਾ ਕਰ ਸਕੇ | ਡੀ.ਸੀ ਰਾਹੀਂ ਮਨਿੰਦਰ ਸਿੰਘ ਲਖਮੀਰਵਾਲਾ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਅਜਿਹੀ ਅਣਉੱਚਿਤ ਸਮਗਰੀ ਉੱਤੇ ਪਾਬੰਦੀ ਲਗਾਏ ਜਿਹੜੀ ਜਨ ਪ੍ਰਤੀਨਿਧੀਆਂ ਜਾ ਕਿਸੇ ਸਮਾਜਕ ਵਰਗ ਦੀ ਬੇਇੱਜ਼ਤੀ ਲਈ ਜ਼ਿੰਮੇਵਾਰ ਹੋਵੇ | ਇਸ ਮੌਕੇ ਸਰਪੰਚ ਸੁਖਚੈਨ ਸਿੰਘ ਫੁੰਮਣਵਾਲਾ, ਜਗਪਾਲ ਸਿੰਘ ਕਾਲਾਝਾੜ, ਮਨਧੀਰ ਸਿੰਘ ਮਸਾਣੀ, ਸਤਪਾਲ ਸਿੰਘ ਮੁਨਸੀਵਾਲਾ, ਕੁਲਦੀਪ ਸਿੰਘ ਰਾਜਪੁਰਾ, ਲਵਪ੍ਰੀਤ ਸਿੰਘ ਬੱਬੀ ਹੋਤੀਪੁਰ, ਜਗਦੀਪ ਸਿੰਘ ਖੇੜੀ ਗਿੱਲਾ, ਪ੍ਰਗਟ ਸਿੰਘ ਬਲਵਾੜ, ਗੁਰਚਰਨ ਸਿੰਘ ਜਖੇਪਲ, ਮੁਖਵਿੰਦਰ ਸਿੰਘ ਰਾਮਪੁਰਾ, ਸੰਦੀਪ ਸਿੰਘ, ਗੁਰਤੇਜ ਸਿੰਘ, ਰਾਜ ਸਿੰਘ ਹਰੀਗੜ, ਸਤਵੀਰ ਸਿੰਘ, ਸੀਸਪਾਲ ਖਨੌਰੀ, ਸੰਦੀਪ ਕੌਰ ਮਹਾਸਿੰਘ ਵਾਲਾ, ਕਰਮਜੀਤ ਕੌਰ, ਅੰਗਰੇਜ ਸਿੰਘ ਖੇੜੀ, ਸੁਰੇਸ਼ ਕੁਮਾਰ ਬਨਾਰਸੀ, ਭਜਨ ਸਿੰਘ ਨਵਾਗਾਓ, ਚਾਦੀ ਰਾਮ ਅਨਦਾਨਾ, ਹਰਪਾਲ ਸਿੰਘ ਮੰਡਵੀ, ਭੀਮ ਸਿੰਘ ਸਤਨਾਮ ਸਿੰਘ ਮੈਦੇਵਾਸ ਮਿੰਟੂ ਬਡਰੁੱਖਾਂ ਮੌਜੂਦ ਸਨ |