ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਸ਼ਹੀਦ ਬੀਬੀ ਗਦਰੀ ਗੁਲਾਬ ਕੌਰ ਦੀ 100ਵੀਂ ਬਰਸੀ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਈ ਗਈ | ਗਦਰੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਯਾਦ ਕਰਦਿਆਂ ਜਥਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਬੀ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਆਗੂ ਕਮਲ ਕੌਰ ਬਰਨਾਲਾ ਨੇ ਕਿਹਾ ਕਿ ਜਦੋਂ ਗਰੀਬੀ ਵਲੋਂ ਸਤਾਏ ਲੋਕ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਸਨ ਉਸ ਸਮੇਂ ਬੀਬੀ ਗੁਲਾਬ ਕੌਰ ਵੀ ਆਪਣੀ ਘਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਮੰਤਵ ਨਾਲ ਫਲਫੀਨ ਗਈ | ਫਲਫੀਨ ਵਿਚ ਪੰਜਾਬੀਆਂ ਦੀ ਮੰਦੀ ਹਾਲਤ ਵੇਖ ਕੇ ਬੀਬੀ ਗੁਲਾਬ ਕੌਰ ਦਾ ਮਨ ਪਸੀਜਿਆ ਗਿਆ ਅਤੇ ਗਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਗਦਰ ਲਹਿਰ 'ਚ ਸ਼ਾਮਿਲ ਹੋਕੇ ਆਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਈ | ਪੰਜਾਬ ਆਕੇ ਗਦਰੀ ਬੀਬੀ ਗੁਲਾਬ ਕੌਰ ਨੇ ਗਦਰ ਲਹਿਰ ਨੂੰ ਮਜ਼ਬੂਤ ਕੀਤਾ ਅੰਤ ਵਿਚ ਸਾਰੀ ਜ਼ਿੰਦਗੀ ਕਿਰਤੀ ਲੋਕਾਂ ਦੀ ਲੜਾਈ ਲੜਦੀ ਬੀਬੀ ਗਦਰੀ ਗੁਲਾਬ ਕੌਰ ਕੋਟਲਾ ਨੌਧ ਸਿੰਘ ਵਾਲਾ ਵਿਚ 1925 ਨੂੰ ਸ਼ਹੀਦੀ ਜਾਮ ਪੀ ਗਈ | ਮੌਕੇ ਸੂਬਾਈ ਆਗੂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ, ਚਮਕੌਰ ਸਿੰਘ ਨੈਣੇਵਾਲਾ, ਸਿੰਘ ਭੈਣੀ ਬਾਘਾ, ਜਸਵਿੰਦਰ ਸਿੰਘ ਬਰਾਸ, ਕੁਲਵਿੰਦਰ ਸਿੰਘ ਭੂਦਨ, ਸੁਦਾਗਰ ਸਿੰਘ ਘਢਾਣੀ ਆਦਿ ਮੌਜੂਦ ਸਨ |