ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ (ਰੁਪਿੰਦਰ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਮੀਟਿੰਗ ਬਲਾਕ ਪ੍ਰਧਾਨ ਕੇਵਲ ਸਿੰਘ ਜਵੰਧਾ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਜਵੰਧਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਰਣ ਸਿੰਘ ਚੱਠਾ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵਲੋਂ ਬਿਜਲੀ ਬਿਲ 2020 ਨੂੰ ਵਾਪਸ ਲਿਆ ਗਿਆ ਸੀ ਪਰ ਹੁਣ ਫਿਰ ਕੇਂਦਰ ਸਰਕਾਰ ਬਿਜਲੀ ਵਰਗੀ ਜ਼ਰੂਰੀ ਸਹੂਲਤ ਆਮ ਲੋਕਾਂ ਤੋਂ ਖੋਹਣ ਉੱਪਰ ਤੁਲੀ ਹੋਈ ਹੈ, ਉਹ ਬਿਜਲੀ ਬਿਲ 2025 ਲਿਆ ਕੇ ਜਿੱਥੇ ਬਿਜਲੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ, ਉੱਥੇ ਬਿਜਲੀ ਦਾ ਸਮੁੱਚਾ ਢਾਂਚਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ | ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਨਾ ਕੇਵਲ ਬਿਜਲੀ ਮਹਿੰਗੀ ਹੋਵੇਗੀ, ਸਗੋਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੀਜ ਐਕਟ ਲਿਆ ਕੇ ਕੇਂਦਰ ਸਰਕਾਰ ਪੂਰਾ ਖੇਤੀ ਬਾਜ਼ਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਬੀਜ ਕਿਸਾਨੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ | ਪ੍ਰਾਈਵੇਟ ਬੀਜ ਕੰਪਨੀਆਂ ਖੇਤੀ ਖੋਜ ਤੇ ਵਪਾਰ ਉੱਪਰ ਕਾਬਜ਼ ਹੋ ਕੇ ਕਿਸਾਨੀ ਦੀ ਅੰਨੇ੍ਹਵਾਹ ਲੁੱਟ ਕਰਨਗੀਆ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੇ ਜਾ ਰਹੇ ਇਨ੍ਹਾਂ ਬਿਲਾਂ ਖਿਲਾਫ਼ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜੇਕਰ ਸਰਕਾਰ ਪਿੱਛੇ ਨਾ ਹਟੀ ਤਾਂ ਵੱਡਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨੀ ਨੂੰ ਖਤਮ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ, ਕਿਸਾਨਾਂ ਨੂੰ ਹਾੜੀ ਦੀ ਫ਼ਸਲ ਬੀਜਣ ਲਈ ਪਹਿਲਾ ਡੀ.ਏ.ਪੀ ਖਾਦ ਸਮੇਂ ਸਿਰ ਨਹੀਂ ਮਿਲੀ ਤੇ ਹੁਣ ਯੂਰੀਆ ਖਾਦ ਨਹੀਂ ਮਿਲ ਰਹੀ ਤੇ ਕਿਸਾਨ ਨਿਰਧਾਰਤ ਮੁੱਲ ਤੋਂ ਵੱਧ ਮੁੱਲ ਤੇ ਖਾਦਾਂ ਖਰੀਦਣ ਲਈ ਮਜਬੂਰ ਹਨ, ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਲੋੜੀਂਦੀ ਯੂਰੀਆ ਖਾਦ ਦਾ ਜਲਦ ਕੋਆਪਰੇਟਿਵ ਸੁਸਾਇਟੀਆਂ ਵਿਚ ਪ੍ਰਬੰਧ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ | ਇਸ ਮੌਕੇ ਕਸ਼ਮੀਰ ਸਿੰਘ ਉਗਰਾਂਹਾ ਬਲਾਕ ਜਰਨਲ ਸਕੱਤਰ, ਕਰਮ ਸਿੰਘ ਨਮੋਲ ਬਲਾਕ ਖਜਾਂਨਚੀ, ਦਰਸ਼ਨ ਸਿੰਘ ਛਾਜਲਾ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਦਰਸ਼ਨ ਸਿੰਘ ਮਹਿਲਾਂ, ਦਲੇਲ ਸਿੰਘ ਚੱਠਾ, ਭੋਲਾ ਸਿੰਘ ਨੀਲੋਵਾਲ, ਮਲਕੀਤ ਸਿੰਘ ਗੰਢੂਆਂ, ਦੇਵ ਸਿੰਘ ਖਡਿਆਲ, ਭਗਵੰਤ ਸਿੰਘ ਮੈਦੇਵਾਸ ਅਤੇ ਵਿੰਦਰ ਸਿੰਘ ਜਵੰਧਾਂ ਆਦਿ ਮੌਜੂਦ ਸਨ |