ਲਹਿਰਾਗਾਗਾ, 22 ਦਸੰਬਰ (ਅਸ਼ੋਕ ਗਰਗ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ, ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਲਾਸਾਨੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਧਾਰਮਿਕ ਕੀਰਤਨ-ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਗਾਗਾ ਤੋਂ ਆਏ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਮਨਜੀਤ ਸਿੰਘ ਅਤੇ ਭਾਈ ਜਗਤਾਰ ਸਿੰਘ ਅਤੇ ਕਥਾਵਾਚਕ ਭਾਈ ਸੁਖਵੀਰ ਸਿੰਘ ਬਹਾਦਰਪੁਰ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਖ਼ਿਲਾਫ਼ ਸੰਘਰਸ਼ ਕਰਦਿਆਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਸਾਨੂੰ ਵੀ ਉਨ੍ਹਾਂ ਦੇ ਦਰਸਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਵੀ ਦਿਨ ਅਸੀਂ ਮਨਾਉਂਦੇ ਹਾਂ, ਸਾਨੂੰ ਉਨ੍ਹਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ | ਇਸ ਤੋਂ ਇਲਾਵਾ ਸਕੂਲ ਵਿਦਿਆਰਥੀਆਂ ਨੇ ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਵਾਟਾਂ ਲੰਮੀਆਂ ਰਸਤਾ ਪਹਾੜ ਦਾ, ਖੇਡਣ ਦੀਆਂ ਉਮਰਾਂ ਸੀ ਅਤੇ ਸਾਕਾ ਸਰਹਿੰਦ ਬਾਰੇ ਧਾਰਮਿਕ ਗੀਤ ਅਤੇ ਸ਼ਬਦ ਗਾਇਨ ਕੀਤੇ | ਭਾਈ ਸੁਖਵੀਰ ਸਿੰਘ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ 'ਚ ਕੁਰਬਾਨੀ ਦੀ ਅਜਿਹੀ ਮਿਸਾਲ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਰੂਪ 'ਚ ਜ਼ਿੰਦਗੀ 'ਚ ਢਾਲਣਾ ਚਾਹੀਦਾ ਹੈ | ਬਲਕਾਰ ਸਿੰਘ ਤਾਰੀ ਗਾਗਾ, ਭੁਪਿੰਦਰਪਾਲ ਸ਼ਰਮਾ ਅਤੇ ਸਤਨਾਮ ਸਿੰਘ ਚੋਟੀਆਂ ਨੇ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ ਅਤੇ ਪਿ੍ੰਸੀਪਲ ਫਲੈਵੀ ਡੇਵਿਡ ਹਾਜ਼ਰ ਸਨ |