ਧੂਰੀ, 22 ਦਸੰਬਰ (ਲਖਵੀਰ ਸਿੰਘ ਧਾਂਦਰਾ)-ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਵਜ਼ੀਫ਼ਾ ਪ੍ਰੀਖਿਆ ਅੱਜ ਧੂਰੀ ਦੇ ਕੇਂਦਰ ਸਰਕਾਰੀ ਕੰਨਿਆ ਸਕੂਲ ਵਿਖੇ ਸਫ਼ਲਤਾ ਪੂਰਵਕ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗਗਨ ਸ਼ਰਮਾ ਅਤੇ ਸਕੱਤਰ ਸੁਖਪਾਲ ਬਮਾਲ ਨੇ ਦੱਸਿਆ ਕਿ ਸੈਂਟਰ ਧੂਰੀ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੈਟਾਗਰੀ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 601 ਵਿਦਿਆਰਥੀਆਂ ਨੇ ਭਾਗ ਲਿਆ | ਜਥੇਬੰਦੀ ਵਲੋਂ ਇਹ ਪ੍ਰੀਖਿਆ ਕਿਸੇ ਮਹਾਨ ਸ਼ਖ਼ਸੀਅਤ ਜਾਂ ਵਰਤਾਰੇ ਨੂੰ ਸਮਰਪਿਤ ਕੀਤੀ ਜਾਂਦੀ ਹੈ | ਇਸ ਸਾਲ ਇਹ ਜ਼ਿਲ੍ਹੇ ਦੀ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੇ 100ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ | ਇਸ ਪ੍ਰੀਖਿਆ ਵਿਚ ਦੋਨਾਂ ਕੈਟਾਗਰੀਆਂ ਵਿਚ ਅਲੱਗ-ਅਲੱਗ ਹਰੇਕ ਜਮਾਤ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਸਮਾਰੋਹ ਆਯੋਜਿਤ ਕਰ ਕੇ ਇੱਕ ਵਾਰ ਨਕਦ ਰਾਸ਼ੀ ਵਜ਼ੀਫ਼ੇ ਦੇ ਤੌਰ 'ਤੇ ਦਿੱਤੀ ਜਾਵੇਗੀ ਅਤੇ ਅਗਲੇ ਦਸ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਪ੍ਰੀਖਿਆ ਨੂੰ ਨੇਪਰੇ ਚੜ੍ਹਾਉਣ ਲਈ ਮਿਸਰਾ ਸਿੰਘ, ਲੈਕਚਰਾਰ ਅਸ਼ਵਨੀ ਕੁਮਾਰ, ਗਗਨਦੀਪ ਬੁਗਰਾ, ਰਮੇਸ਼ ਕੁਮਾਰ, ਕੁਲਵੰਤ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਧੰਦੀਵਾਲ, ਮਹਿੰਦਰ ਕੁਮਾਰ, ਨਿਤਿਨ ਗੋਇਲ, ਮਨੀਸ਼ ਕੁਮਾਰ, ਅਰੁਣ ਕੁਮਾਰ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਕੁੰਬੜਵਾਲ ਅਤੇ ਹੋਰ ਵੀ ਹਾਜ਼ਰ ਸਨ |