ਸੰਗਰੂਰ, 25 ਦਸੰਬਰ (ਧੀਰਜ ਪਸੋਰੀਆ)-ਸੰਗਰੂਰ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਸਾਂਝਾਂ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਅਤੇ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕੋਠੇ ਜਗਤ ਸਿੰਘ ਵਾਲਾ ਦੀ ਅਧਿਆਪਕਾ ਰਾਜਵੀਰ ਕੌਰ, ਜੋ ਕਿ ਚੋਣ ਡਿਊਟੀ ਦੇਣ ਜਾ ਰਹੀ ਸੀ ਤਦ ਉਸ ਦੀ ਕਾਰ ਲਹਿਰਾਗਾਗਾ ਦੇ ਨੇੜੇ ਪਿੰਡ ਢੀਂਡਸਾ ਕੋਲ ਨਹਿਰ ਵਿਚ ਡਿੱਗ ਪਈ ਸੀ ਅਤੇ ਉਹ ਆਪਣੇ ਪਤੀ ਸਮੇਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ, ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਉਸ ਦੇ ਸਿਹਤਯਾਬ ਹੋ ਕੇ ਡਿਊਟੀ ਉੱਤੇ ਪਰਤਣ ਤੱਕ ਦੇ ਸਮੇਂ ਨੂੰ ਡਿਊਟੀ ਪੀਰੀਅਡ ਮੰਨਣ ਦੀ ਮੰਗ ਰੱਖੀ ਕਿਉਂਕਿ ਇਹ ਅਧਿਆਪਕਾ ਇੱਕ ਐਸੋਸੀਏਟ ਅਧਿਆਪਕ ਹੈ ਅਤੇ ਪੰਜਾਬ ਸਿਵਲ ਸਰਵਿਸ ਦੇ ਨਿਯਮਾਂ ਅਧੀਨ ਉਸ ਨੰੂ ਰੈਗੂਲਰ ਮੁਲਾਜ਼ਮਾਂ ਵਾਲੇ ਛੁੱਟੀਆਂ ਦੇ ਲਾਭ ਨਹੀਂ ਮਿਲਦੇ | ਵਫ਼ਦ ਨੇ ਰੋਸ ਪ੍ਰਗਟਾਇਆ ਕਿ ਸਰਕਾਰ ਵਲੋਂ ਅਜੇ ਤੱਕ ਉਸ ਦੀ ਕੋਈ ਸਾਰ ਨਹੀਂ ਲਈ ਗਈ ਜਦੋਂ ਕਿ ਉਹ ਆਨ ਡਿਊਟੀ ਫੱਟੜ ਹੋਈ ਹੈ | ਡਿਪਟੀ ਕਮਿਸ਼ਨਰ ਨੇ ਸਾਰੀ ਗੱਲ ਸੁਣ ਕੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਯੋਗ ਕਰਵਾਈ ਕਰ ਕੇ ਜ਼ਖ਼ਮੀ ਅਧਿਆਪਕਾ ਦੀ ਬਣਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਜੁਝਾਰ ਉਭਾਵਾਲ ਆਗੂ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ, ਦਾਤਾ ਸਿੰਘ ਪ੍ਰਧਾਨ ਡੀ.ਟੀ.ਐਫ ਸੰਗਰੂਰ, ਦੇਵੀ ਦਿਆਲ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ, ਸੁਖਵਿੰਦਰ ਗਿਰ ਪ੍ਰਧਾਨ ਡੀ.ਟੀ.ਐਫ ਤੇ ਕਮਲਜੀਤ (ਸਬੰਧਤ ਡੀ.ਐਮ.ਐਫ) ਜੋਤਿੰਦਰ ਸਿੰਘ ਈ.ਟੀ.ਯੂ. ਆਗੂ ਮੌਜੂਦ ਸਨ | ਆਗੂਆਂ ਨੇ ਫ਼ੈਸਲਾ ਕੀਤਾ ਕਿ ਜੇਕਰ ਜਲਦੀ ਇਸ ਮਾਮਲੇ ਦਾ ਸਹੀ ਹੱਲ ਨਾ ਕੀਤਾ ਗਿਆ ਤਾਂ ਸਾਰੀਆਂ ਜਥੇਬੰਦੀਆਂ ਵਲੋਂ ਸਾਂਝਾਂ ਸੰਘਰਸ਼ ਵਿੱਢਿਆ ਜਾਵੇਗਾ |