ਸੁਨਾਮ ਊਧਮ ਸਿੰਘ ਵਾਲਾ, 29 ਦਸੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੰਗਲਾ ਦੇਸ਼ ਵਿਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੇ ਵਹਿਸ਼ੀਆਨਾ ਕਤਲ ਅਤੇ ਘੱਟ-ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੋਧ ਵਿਚ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਨੂੰ ਲੈ ਕੇ ਪੰਜਾਬੀ ਹਿੰਦੂ ਗਰੁੱਪ ਹਿੰਦੂ ਵੈੱਲਫੇਅਰ ਬੋਰਡ ਵਲੋਂ ਜੈ ਦੇਵ ਸ਼ਰਮਾ ਦੀ ਅਗਵਾਈ ਵਿਚ ਐੱਸ.ਡੀ.ਐਮ. ਸੁਨਾਮ ਪ੍ਰਮੋਦ ਸਿੰਗਲਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਦੇ 'ਮੈਮਨ ਸਿੰਘ ਜ਼ਿਲ੍ਹੇ ਦੇ ਭਾਲੂਕਾ ਉਪ-ਜ਼ਿਲ੍ਹੇ (ਦੁਬਾਲੀਆ ਪਾਡਾ) ਵਿਚ ਵਾਪਰੀ ਹਾਲੀਆ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ | ਉੱਥੇ ਇੱਕ ਹਿੰਦੂ ਨੌਜਵਾਨ 'ਦੀਪੂ ਚੰਦਰ ਦਾਸ' ਨੂੰ ਧਰਮ ਦੇ ਅਪਮਾਨ ਦੇ ਝੂਠੇ ਦੋਸ਼ ਹੇਠ ਕੱਟੜਪੰਥੀ ਭੀੜ ਵਲੋਂ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ ਗਿਆ | ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਖੁਲਨਾ 'ਚ 'ਉਤਸਵ ਕੁੰਡੂ' ਅਤੇ ਅਣਗਿਣਤ ਹੋਰ ਹਿੰਦੂਆਂ 'ਤੇ ਹੋਏ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਬੰਗਲਾਦੇਸ਼ ਵਿਚ ਧਾਰਮਿਕ ਭੇਦਭਾਵ ਕਰ ਕੇ ਹਿੰਦੂਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਜੋਕਿ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਉਨ੍ਹਾਂ ਸੰਯੁਕਤ ਰਾਸ਼ਟਰ ਤੇ ਭਾਰਤ ਸਰਕਾਰ ਤੋਂ ਨੈਤਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਤਹਿਤ ਇਸ ਖੇਤਰ ਵਿਚ ਰਹਿ ਰਹੇ ਹਿੰਦੂਆਂ ਦੀ ਜਾਨ-ਮਾਲ ਦੀ ਰਾਖੀ ਲਈ ਬੰਗਲਾ ਦੇਸ਼ ਦੀ ਅੰਤਰਿਮ ਸਰਕਾਰ 'ਤੇ ਸਖ਼ਤ ਕੂਟਨੀਤਕ ਦਬਾਅ ਪਾਉਣ ਦੇ ਨਾਲ ਠੋਸ ਕਦਮ ਚੁੱਕਣ, ਸੰਯੁਕਤ ਰਾਸ਼ਟਰ ਦੀ ਜਵਾਬਦੇਹੀ ਅੰਤਰਰਾਸ਼ਟਰੀ ਕਾਨੂੰਨਾਂ ਅਤੇ 'ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਐਲਾਨਨਾਮੇ ਦੇ ਤਹਿਤ ਧਰਮ, ਨਸਲ ਜਾਂ ਜਾਤ ਦੇ ਅਧਾਰ 'ਤੇ ਹੋ ਰਹੀ ਹਿੰਸਾ ਨੂੰ ਰੋਕਣ, ਬੰਗਲਾ ਦੇਸ਼ ਵਿਚ ਸ਼ਾਂਤੀ ਸੈਨਾ ਜਾਂ ਨਿਗਰਾਨ ਟੀਮ ਭੇਜਣ, ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ, ਦੋਸ਼ੀਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਤਹਿਤ ਸਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਜੈ ਦੇਵ ਸ਼ਰਮਾ, ਮੁਕੇਸ਼ ਗੋਇਲ, ਯਸ਼ ਗੋਇਲ ਅਤੇ ਰਜਿੰਦਰ ਕੁਮਾਰ ਆਦਿ ਮੌਜੂਦ ਸਨ |