ਮਲੇਰਕੋਟਲਾ, 30 ਦਸੰਬਰ (ਥਿੰਦ, ਸਰੌਦ, ਜੈਨ)-ਜ਼ਿਲ੍ਹਾ ਮਲੇਰਕੋਟਲਾ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟ ਸੁੱਟਣ ਦੇ ਮਕਸਦ ਨਾਲ ਮਲੇਰਕੋਟਲਾ ਪੁਲਿਸ ਹਮੇਸ਼ਾ ਹੀ ਵਚਨਬੱਧ ਹੋ ਕਿ ਦਿਨ ਰਾਤ ਪੂਰੀ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਦਿ੍ੜ੍ਹ ਇਰਾਦੇ ਰੱਖ ਕੇ ਕੰਮ ਕਰ ਰਹੀ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢ ਕੇ ਖੇਡਾਂ ਵੱਲ ਜਾਂ ਰੋਜ਼ਗਾਰ ਨਾਲ ਜੋੜਿਆ ਜਾ ਸਕੇ | ਇਸ ਲਈ ਜ਼ਿਲ੍ਹਾ ਪੁਲਿਸ ਪੱਕੇ ਇਰਾਦਿਆਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ | ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਨ.ਡੀ.ਪੀ.ਐੱਸ ਐਕਟ ਅਧੀਨ ਦਰਜ ਮੁਕੱਦਮਿਆਂ ਵਿਚ ਦੋਸ਼ੀਆਂ ਦੀ ਗ਼ੈਰ-ਕਾਨੰੂਨੀ ਜਾਇਦਾਦ 'ਤੇ ਸਿੱਧਾ ਵਾਰ ਕੀਤਾ ਗਿਆ | ਇਸ ਤਹਿਤ 6 ਕੇਸ ਕੰਪੀਟੈਂਟ ਅਥਾਰਿਟੀ ਨੂੰ ਭੇਜ ਕੇ ਕੁੱਲ 10,571,696 ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ, ਜੋ ਨਸ਼ਾ ਤਸਕਰਾਂ ਲਈ ਸਖ਼ਤ ਚੇਤਾਵਨੀ ਹੈ | ਐੱਸ.ਐੱਸ.ਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਦਸੰਬਰ 2025 ਤੱਕ ਐੱਨ.ਡੀ.ਪੀ.ਐੱਸ ਐਕਟ ਅਧੀਨ 895 ਮੁਕੱਦਮੇ ਦਰਜ ਕਰਕੇ 1074 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ ਕਾਰਵਾਈਆਂ ਦੌਰਾਨ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਨਸ਼ੀਲਾ ਸਮਾਨ ਬਰਾਮਦ ਕੀਤਾ ਗਿਆ, ਜਿਸ ਵਿਚ 309 ਕਿੱਲੋ 540 ਗ੍ਰਾਮ ਭੁੱਕੀ ਚੂਰਾ ਪੋਸਤ, 4 ਕਿੱਲੋ 492 ਗ੍ਰਾਮ ਹੈਰੋਇਨ/ਚਿੱਟਾ, 6 ਕਿੱਲੋ 50 ਗ੍ਰਾਮ ਅਫੀਮ, 23,577 ਨਸ਼ੀਲੀਆਂ ਗੋਲੀਆਂ, 89 ਨਸ਼ੀਲੀਆਂ ਸ਼ੀਸ਼ੀਆਂ, 9 ਕਿੱਲੋ 17 ਗ੍ਰਾਮ ਹਰੇ ਪੌਦੇ ਪੋਸਤ, 2 ਕਿੱਲੋ 974 ਗ੍ਰਾਮ ਨਸ਼ੀਲਾ ਪਾਊਡਰ, 1 ਕਿੱਲੋ 372 ਗ੍ਰਾਮ ਸੁਲਫਾ, ਇਸ ਤੋਂ ਇਲਾਵਾ 1,97,530 ਰੁਪਏ ਡਰੱਗ ਮਨੀ ਸ਼ਾਮਲ ਹੈ | ਇਸੇ ਤਰ੍ਹਾਂ ਐਕਸਾਈਜ਼ ਐਕਟ ਅਧੀਨ 28 ਮੁਕੱਦਮੇ ਦਰਜ ਕਰਕੇ 40 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋ 567.65 ਲੀਟਰ ਨਜਾਇਜ਼ ਸ਼ਰਾਬ (486.75 ਲੀਟਰ ਕੰਟਰੀਮੇਡ ਸ਼ਰਾਬ, 49.70 ਲੀਟਰ ਅੰਗਰੇਜ਼ੀ ਅਤੇ 31.20 ਲੀਟਰ ਬੀਅਰ) ਅਤੇ 55 ਲੀਟਰ ਲਾਹਣ ਬਰਾਮਦ ਕੀਤੀ ਗਈ | ਅਸਲਾ ਐਕਟ ਅਧੀਨ ਕਾਰਵਾਈ ਕਰਦਿਆਂ 4 ਕੇਸਾਂ ਵਿਚ 7 ਦੋਸ਼ੀਆਂ ਪਾਸੋਂ 3 ਪਿਸਟਲ, 2 ਦੇਸੀ ਕੱਟੇ ਅਤੇ 11 ਕਾਰਤੂਸ ਵੀ ਬਰਾਮਦ ਕੀਤੇ ਗਏ | ਉਨ੍ਹਾਂ ਅੱਗੇ ਦੱਸਿਆ ਕਿ ਸਾਲ 2025 ਦੌਰਾਨ ਪੁਲਿਸ ਵਲੋਂ 36 ਭਗੌੜੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ 'ਚੋਂ 3 ਦੋਸ਼ੀ ਨਾਰਕੋਟਿਕਸ ਐਕਟ ਅਧੀਨ ਲੰਮੇ ਸਮੇਂ ਤੋਂ ਭਗੌੜੇ ਸਨ | ਇਸ ਤੋਂ ਇਲਾਵਾ ਜੂਏ ਦੇ 10 ਕੇਸ ਦਰਜ ਕਰਕੇ 20 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ 47,140 ਰੁਪਏ ਦੀ ਰਿਕਵਰੀ ਕੀਤੀ ਗਈ | ਇਸ ਤੋਂ ਇਲਾਵਾ ਸ਼ਹਿਰ ਵਿਚ ਆਵਾਜਾਈ ਦੀ ਵਿਵਸਥਾ ਨੂੰ ਸੰਚਾਰ ਰੱਖਣ ਲਈ ਨਾਨ-ਕੰਪਾਊਾਡੇਬਲ 29 ਹਜ਼ਾਰ 912 ਅਤੇ ਕੰਪਾਊਾਡੇਬਲ 1652 ਚਲਾਨ ਕਰਕੇ 24,48,900 ਰੁਪਏ ਇਕੱਤਰ ਕੀਤੇ ਗਏ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ 103 ਬੀ.ਐਨ.ਐੱਸ ਕਤਲ ਦੇ ਸੰਗੀਨ ਜੁਰਮ ਤਹਿਤ 6 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 5 ਕੇਸਾਂ 'ਚ 11 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ 109 ਬੀ.ਐਨ.ਐੱਸ. ਇਰਾਦਾ ਕਤਲ ਤਹਿਤ 16 ਕੇਸ ਦਰਜ ਕਰਕੇ 39 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਹੋਰ ਦੱਸਿਆ ਕਿ ਬੀ.ਐਨ.ਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 131 ਕੇਸਾਂ ਵਿਚ 142 ਦੋਸ਼ੀਆਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਭਵਿੱਖ ਵਿਚ ਵੀ ਇਸੇ ਤਰ੍ਹਾਂ ਜੰਗੀ ਪੱਧਰ ਤੇ ਕਾਰਵਾਈ ਨਿਰੰਤਰ ਜਾਰੀ ਰੱਖੇਗੀ, ਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ, ਅਪਰਾਧ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ |