ਸੰਗਰੂਰ, 30 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਸੰਗਰੂਰ ਸ਼ਹਿਰ ਵਿਚ ਕੂੜੇ ਦੇ ਢੇਰਾਂ ਤੋਂ ਰਾਹਤ ਦਿਵਾਉਣ ਲਈ ਪੰਜਾਬ ਐਡੀਸ਼ਨ ਕੰਟਰੋਲ ਬੋਰਡ ਨੇ ਨਗਰ ਕੌਂਸਲ ਸੰਗਰੂਰ ਨੂੰ ਹਰ ਕੂੜਾ ਡੰਪ ਉੱਤੇ ਸੀ.ਸੀ.ਟੀ.ਵੀ ਕੈਮਰੇ ਅਤੇ ਕੂੜਾ ਤੋਲਣ ਵਾਲੀ ਮਸ਼ੀਨ ਲਗਵਾਉਣ ਦੀ ਹਦਾਇਤ ਕੀਤੀ ਹੈ | ਕਮਲ ਅਨੰਦ ਐਡਵੋਕੇਟ, ਜਤਿੰਦਰ ਕਾਲੜਾ, ਸਤਿੰਦਰ ਸੈਣੀ, ਪ੍ਰਵੀਨ ਬਾਂਸਲ ਅਤੇ ਰੋਸ਼ਨ ਗਰਗ ਦੀ ਅਗਵਾਈ ਹੇਠ ਨਾਗਰਿਕਾਂ ਵਲੋਂ ਕੌਮੀ ਹਰਿਆਵਲ ਟ੍ਰਬੀਊਨਲ ਵਿਚ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਕੌਂਸਲ ਨੂੰ ਇਹ ਕਦਮ ਤੁਰੰਤ ਪੁੱਟਣ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਸਮੱਸਿਆ ਹੱਲ ਕਰਨ ਲਈ ਹਦਾਇਤ ਕੀਤੀ ਹੈ | ਪਟੀਸ਼ਨਕਰਤਾ ਸ਼ਖ਼ਸੀਅਤਾਂ ਨੇ ਦੱਸਿਆ ਕਿ ਸਾਲ 2025 ਦੌਰਾਨ ਸੰਗਰੂਰ ਦੇ ਲੋਕ ਕੂੜੇ ਦੇ ਢੇਰਾਂ ਅਤੇ ਗੰਦਗੀ ਤੋਂ ਪਰੇਸ਼ਾਨ ਰਹੇ ਹਨ | ਕਈ ਕੂੜਾ ਡੰਪਾਂ ਉੱਤੇ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਾਰਨ ਪੈਦਾ ਹੋਏ ਧੰੂਏਾ ਤੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਦੀਆਂ ਸਮੱਸਿਆਵਾਂ ਵਧੀਆਂ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲਾਂ ਦੀ ਰਹਿੰਦ ਖੂੰਹਦ ਨੂੰ ਆਮ ਕੂੜੇ ਵਿਚ ਮਿਲਾਉਣਾ ਬੰਦ ਕਰਵਾਇਆ ਜਾਵੇਗਾ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਘਰਾਂ ਤੋਂ ਕੂੜਾ ਵੱਖ ਵੱਖ ਕਰਨ ਦੀ ਮੁਹਿੰਮ ਸਿਰਫ਼ ਕਾਗ਼ਜ਼ਾਂ ਤੱਕ ਹੀ ਸਿਮਤ ਰਹੀ ਹੈ | ਉਨ੍ਹਾਂ ਦੱਸਿਆ ਕਿ ਕੂੜੇ ਦੇ ਪੁਰਾਣੇ ਢੇਰਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸਾਫ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ |