ਧੂਰੀ, 30 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਦੇ ਮੁੱਖ ਮੰਤਰੀ ਅਤੇ ਧੂਰੀ ਹਲਕੇ ਦੇ ਵਿਧਾਇਕ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਸੁੱਖੀ ਨੇ ਅੱਜ ਧੂਰੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, ਜਿਨਾਂ ਦੇ ਪਰਿਵਾਰਕ ਮੈਂਬਰ ਪਿਛਲੇ ਦਿਨਾਂ ਦੌਰਾਨ ਅਕਾਲ ਚਲਾਣਾ ਕਰ ਗਏ ਸਨ | ਉਨਾਂ ਦੁਖੀ ਪਰਿਵਾਰਾਂ ਨਾਲ ਬੈਠ ਕੇ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਸਰਕਾਰ ਅਤੇ ਪਾਰਟੀ ਪੂਰੀ ਤਰਾਂ ਉਨਾਂ ਦੇ ਨਾਲ ਖੜੀ ਹੈ | ਇਸ ਮੌਕੇ ਓ.ਐੱਸ.ਡੀ. ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਕਿਸੇ ਆਪਣੇ ਦੇ ਸਦੀਵੀ ਵਿਛੋੜੇ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਇਸ ਔਖੇ ਸਮੇਂ ਵਿਚ ਇਕ-ਦੂਜੇ ਦਾ ਸਹਾਰਾ ਬਣਨਾ ਹੀ ਮਨੁੱਖਤਾ ਦੀ ਅਸਲੀ ਪਹਿਚਾਣ ਹੈ | ਉਨਾਂ ਨੇ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ | ਇਸ ਮੌਕੇ ਮੁੱਖ ਮੰਤਰੀ ਕੈਂਪਸ ਦਫ਼ਤਰ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਰਛਪਾਲ ਸਿੰਘ ਭੁੱਲਰਹੇੜੀ ਜ਼ਿਲਾ ਪ੍ਰੀਸ਼ਦ ਮੈਂਬਰ, ਗਗਨ ਜਵੰਧਾ ਭਸੋੜ ਪ੍ਰਧਾਨ ਟਰੱਕ ਯੂਨੀਅਨ ਧੂਰੀ, ਮਾਸਟਰ ਦਰਸ਼ਨ ਸਿੰਘ, ਸਾਬਕਾ ਬਲਾਕ ਪ੍ਰਧਾਨ ਐਡਵੋਕੇਟ ਹੈਪੀ ਗਰਗ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਮੁੱਖ ਮੰਤਰੀ ਦਫ਼ਤਰ ਦੇ ਨੁਮਾਇੰਦੇ ਰਮਨਦੀਪ ਸਿੰਘ, ਅਨਿਲ ਮਿੱਤਲ ਅਤੇ ਨਰੇਸ਼ ਸਿੰਗਲਾ ਸਮੇਤ ਹੋਰ ਆਗੂ ਵੀ ਮੌਜੂਦ ਸਨ |