ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੀਆਂ ਅਪੀਲਾਂ ਦੇ ਬਾਵਜੂਦ ਸੂਬੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਇਸ ਵਾਰ ਵੀ ਉਤਸ਼ਾਹਿਤ ਨਜ਼ਰ ਨਹੀਂ ਆ ਰਹੇ | ਭਾਵੇਂ ਸੂਬਾ ਸਰਕਾਰ ਵਲੋਂ ਕਿਸਾਨ ਵਰਗ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ, ਪਰ ਬਾਵਜੂਦ ਇਸ ਦੇ ਬਹੁ ਗਿਣਤੀ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਨਾ ਦੇ ਕੇ ਸਗੋਂ ਇਕ ਜੂਨ ਤੋਂ ਰਵਾਇਤੀ ਤਰੀਕੇ ਨਾਲ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ | ਇਕ ਜਾਣਕਾਰੀ ਅਨੁਸਾਰ ਬਲਾਕ ਖੇਤੀਬਾੜੀ ਦਫ਼ਤਰ ਮਮਦੋਟ ਵਲੋਂ ਬਲਾਕ ਵਿਚ ਢਾਈ ਤੋਂ 300 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ, ਜੋ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ | ਕਿਸਾਨਾਂ ਦੇ ਦੱਸਣਯੋਗ ਮੁਤਾਬਿਕ ਰਵਾਇਤੀ ਤੌਰ 'ਤੇ ਝੋਨਾ ਲਗਾਉਣ ਨਾਲ ਜਿੱਥੇ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਪਨੀਰੀ ਬਿਜਾਈ ਅਤੇ ਲਵਾਈ ਤੱਕ ਦਾ ਖ਼ਰਚ ਵਧੇਰੇ ਆਉਂਦਾ ਹੈ | ਉੱਥੇ ਸਿੱਧੀ ਬਿਜਾਈ ਕਰਨ ਨਾਲ ਸਮਾਂ ਅਤੇ ਪੈਸੇ ਦੇ ਨਾਲ-ਨਾਲ ਪਾਣੀ ਦੀ ਵੱਡੀ ਪੱਧਰ 'ਤੇ ਬੱਚਤ ਹੁੰਦੀ ਹੈ | ਪ੍ਰੰਤੂ ਮੌਜੂਦਾ ਸਮੇਂ ਵਿਚ ਬਿਜਾਈ ਕਰਨ ਲਈ ਪੰਜਾਬ ਸਰਕਾਰ ਕੋਲ ਜੋ ਮਸ਼ੀਨਾਂ ਹਨ ਉਹ ਪੁਰਾਣੀਆਂ ਤੇ ਲਗਭਗ ਕੰਡਮ ਹੋ ਚੁੱਕੀਆਂ ਹਨ, ਹੁਣ ਨਾ ਤਾਂ ਆਧੁਨਿਕ ਤਰੀਕੇ ਦੀ ਮਸ਼ੀਨਰੀ ਹੈ ਅਤੇ ਨਾਂਂ ਹੀ ਪੰਜਾਬ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਕੋਈ ਬਹੁਤਾ ਵਧੀਆ ਰੋਲ ਅਦਾ ਕਰ ਰਿਹਾ ਹੈ | ਕਿਸਾਨਾਂ ਮੁਤਾਬਿਕ ਪੁਰਾਤਨ ਮਸ਼ੀਨਾਂ ਨਾਲ ਜੇਕਰ ਝੋਨੇ ਦੀ ਫ਼ਸਲ ਸਿੱਧੇ ਤੌਰ 'ਤੇ ਬੀਜੀ ਜਾਂਦੀ ਹੈ ਤਾਂ ਉਹ ਰਵਾਇਤੀ ਲਵਾਈ ਵਾਲੇ ਝੋਨੇ ਦੇ ਮੁਕਾਬਲੇ ਵਿਚ ਖਰੀ ਨਹੀਂ ਉੱਤਰਦੀ | ਜਿਸ ਦਾ ਸਿੱਧਾ ਅਸਰ ਕਿਸਾਨ ਦੀ ਆਰਥਿਕਤਾ 'ਤੇ ਆ ਪੈਦਾ ਹੈ | ਕੁੱਝ ਜਾਣਕਾਰ ਤੇ ਅਗਾਂਹ ਵਧੂ ਕਿਸਾਨਾਂ ਨੇ ਇਸ ਬਾਬਤ ਦੱਸਿਆ ਕਿ ਮੌਜੂਦਾ ਸਮੇਂ ਕੁੱਝ ਥਾਵਾਂ 'ਤੇ ਕਿਸਾਨਾਂ ਵਲੋਂ ਆਪਣੇ ਤੌਰ 'ਤੇ ਆਧੁਨਿਕ ਬਿਜਾਈ ਵਾਲੀਆਂ (ਚੋਬੇ ਲਾਉਣ ਵਾਲੀਆਂ ) ਮਸ਼ੀਨਾਂ ਤਿਆਰ ਕਰਵਾਈਆਂ ਗਈਆਂ ਹਨ ਜੋ ਪਹਿਲੀ ਮਸ਼ੀਨ ਦੇ ਮੁਕਾਬਲੇ ਇਕ ਦਾਣਾ ਬੀਜਣ ਦੀ ਥਾਂ ਚਾਰ ਤੋਂ ਪੰਜ ਦਾਣਿਆਂ ਦੀ ਬਿਜਾਈ ਕਰਦੀ ਹੈ | ਜਿਸ ਨਾਲ ਥੋੜ੍ਹੇ ਸਮੇਂ ਵਿਚ ਹੀ ਝੋਨੇ ਦਾ ਬੂਟਾ ਆਮ ਝੋਨੇ ਵਾਂਗ ਬਣ ਜਾਂਦਾ ਹੈ | ਜਿਸ ਨਾਲ ਫ਼ਸਲ ਦਾ ਝਾੜ ਰਵਾਇਤੀ ਬਿਜਾਈ ਵਾਂਗ ਹੀ ਨਿਕਲਦਾ ਹੈ | ਕਿਸਾਨਾਂ ਨੇ ਸੂਬਾ ਸਰਕਾਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ, ਉੱਥੇ ਹੀ ਸਮੇਂ ਦੇ ਹਾਣ ਮੁਤਾਬਿਕ ਚੋਬੇ ਲਾਉਣ ਵਾਲੀਆਂ ਮਸ਼ੀਨਾਂ ਤਿਆਰ ਕਰਵਾ ਕੇ ਕਿਸਾਨਾਂ ਅਤੇ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਭੇਜੀਆਂ ਜਾਣ ਤਾਂ ਹੀ ਸਰਕਾਰ ਆਪਣੇ ਯਤਨਾਂ ਵਿਚ ਸਫਲ ਹੋ ਸਕਦੀ ਹੈ |