ਮੱਖੂ, 2 ਜੂਨ (ਕੁਲਵਿੰਦਰ ਸਿੰਘ ਸੰਧੂ)-ਸਰਕਾਰ ਦੁਆਰਾ ਵੱਖ-ਵੱਖ ਕੈਂਪ ਲਗਾ ਕੇ ਜਨਤਾ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਹਮੇਸ਼ਾ ਆਪਣੇ ਵਾਹਨਾਂ ਚਲਾਉਂਦੇ ਸਮੇਂ ਆਪਣੇ ਖੱਬੇ ਹੱਥ ਹੀ ਚਲਾਓ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਪਰ ਸਰਕਾਰ ਦੇ ਇਸ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੇ ਬੱਸਾਂ ਦੇ ਡਰਾਈਵਰ ਨੈਸ਼ਨਲ ਹਾਈਵੇ 54 ਨਜ਼ਦੀਕ ਬੰਗਾਲੀ ਵਾਲਾ ਪੁਲ ਭਰਾਵਾਂ ਦੇ ਢਾਬੇ ਤਲਵੰਡੀ ਨਿਪਾਲਾਂ ਅਤੇ ਮੌਜਗੜ੍ਹ ਨੂੰ ਦਿੱਤਾ ਹੋਏ ਕੱਟ ਦੀ ਨਾਜਾਇਜ਼ ਵਰਤੋਂ ਕਰਦੇ ਹੋਏ ਗ਼ਲਤ ਪਾਸੇ ਦੀ ਆਪਣੀਆਂ ਬੱਸਾਂ ਹਰੀਕੇ ਵੱਲ ਨੂੰ ਲੈ ਜਾਂਦੇ ਹਨ | ਜਿਸ ਕਾਰਨ ਇਸ ਰੂਟ 'ਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਰ ਸਿੰਘ ਨਿਜ਼ਾਮਦੀਨ ਵਾਲਾ ਮੱਖੂ ਜ਼ੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਮੈਂ ਟਰੈਫ਼ਿਕ ਪੁਲਿਸ ਮੱਖੂ ਤੋਂ ਮੰਗ ਕਰਦਾ ਹਾਂ ਕਿ ਜੋ ਵੀ ਗ਼ਲਤ ਪਾਸੇ ਆਪਣਾ ਵਾਹਨ ਲੈ ਕੇ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ ਅਤੇ ਸਖ਼ਤ ਚਿਤਾਵਨੀ ਦਿੱਤੀ ਜਾਵੇ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਇਸ ਵਿਅਕਤੀ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਕੁੱਝ ਦਿਨ ਪਹਿਲਾਂ ਬੰਗਾਲੀ ਵਾਲੇ ਪੁਲ ਦੀਆਂ ਸਾਰੀਆਂ ਦੁਕਾਨਾਂ ਇਸ ਕਰਕੇ ਢਹਿ ਢੇਰੀ ਕਰ ਦਿੱਤੀਆਂ ਕਿ ਜ਼ਿਆਦਾ ਵਾਹਨ ਖੜੇ ਹੋਣ ਕਾਰਨ ਇੱਥੇ ਟਰੈਫ਼ਿਕ ਦੀ ਸਮੱਸਿਆ ਆਉਂਦੀ ਹੈ, ਕੀ ਗ਼ਲਤ ਪਾਸੇ ਵਾਹਨਾਂ ਨੂੰ ਲੈ ਕੇ ਜਾਣ ਨਾਲ ਕੀ ਇਹ ਸਮੱਸਿਆ ਨਹੀਂ ਆਉਂਦੀ?