ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ) - ਫ਼ਿਰੋਜ਼ਪੁਰ 'ਚ ਆਏ ਹੜ੍ਹਾਂ ਨੇ ਜਿੱਥੇ ਲੋਕਾਂ ਨੂੰ ਘਰੋਂ ਬੇਘਰ ਕੀਤਾ ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਵਿਚ ਡੁੱਬ ਚੁੱਕੀਆਂ ਹਨ | ਇਸੇ ਦੇ ਚੱਲਦਿਆਂ ਇਕ ਕਿਸਾਨ ਦੀ ਅੱਖਾਂ ਸਾਹਮਣੇ ਡੁੱਬਦੀ ਹੋਈ ਫਸਲ ਦੇਖ ਦਿਲ ਦਾ ਦੌਰਾ ਆਉਣ ਕਾਰਨ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਨਿਰਮਲ ਸਿੰਘ (45) ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਚੱਕ ਗੁਰਦਿੱਤੀ ਵਾਲਾ ਵਸਤੀ ਵਿਸਾਖੇ ਵਾਲੀ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਕਿਸਾਨ ਨਿਰਮਲ ਸਿੰਘ (45) ਵਾਸੀ ਚੱਕ ਗੁਰਦਿੱਤੀ ਵਾਲਾ ਵਸਤੀ ਵਿਸ਼ਾਖੇ ਵਾਲੀ ਦਾ ਰਹਿਣ ਵਾਲਾ ਸੀ ਜਿਸ ਕੋਲ ਮਹਿਜ਼ ਇਕ ਕਿੱਲਾ ਜ਼ਮੀਨ ਸੀ ਜਿਸ ਵਿਚ ਝੋਨੇ ਦੀ ਫਸਲ ਬੀਜੀ ਹੋਈ ਸੀ ਤੇ ਉਹ ਵੀ ਹੜ੍ਹ ਦੇ ਪਾਣੀ ਵਿਚ ਡੁੱਬ ਗਈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕ ਕਿਸਾਨ ਬੀਤੇ ਦਿਨ ਜਦੋਂ ਜ਼ਮੀਨ 'ਤੇ ਗਿਆ ਤਾਂ ਪਾਣੀ ਵਿਚ ਡੁੱਬੀ ਫਸਲ ਦੇਖ ਭੁੱਬਾਂ ਮਾਰ ਮਾਰ ਰੋਣ ਲੱਗ ਗਿਆ ਅਤੇ ਦਰਿਆ ਵਿਚ ਛਲਾਂਗ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਲੋਕਾਂ ਸਮਝਾ ਕੇ ਵਾਪਿਸ ਲਿਆਂਦਾ ਪਰ ਅੱਖਾਂ ਸਾਹਮਣੇ ਬੱਚਿਆਂ ਵਾਂਗ ਪਾਲੀ ਫਸਲ ਨੂੰ ਪਾਣੀ 'ਚ ਡੁੱਬਦਿਆਂ ਦੇਖ ਮਿ੍ਤਕ ਕਿਸਾਨ ਦੇਖ ਨਹੀਂ ਸਕਿਆ ਤੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਦੱਸਣ ਯੋਗ ਹੈ ਕਿ ਮਿ੍ਤਕ ਕਿਸਾਨ ਨਿਰਮਲ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸਦਾ ਛੋਟਾ ਜਿਹਾ ਲੜਕਾ ਹੈ | ਮਿ੍ਤਕ ਨਿਰਮਲ ਸਿੰਘ ਦੇ ਪਰਿਵਾਰ 'ਚ ਪਿੱਛੇ ਦਾਦੀ ਪੋਤਾ ਰਹਿ ਗਏ ਹਨ | ਪਰਿਵਾਰ ਵਲੋਂ ਸਰਕਾਰ ਅੱਗੇ ਗੁਹਾਰ ਲਗਾਈ ਗਈ ਹੈ ਕਿ ਉਨ੍ਹਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ |