08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਤਲੁਜ ਦਰਿਆ 'ਚ ਤੇਜ਼ ਵਹਾਅ ਨਾਲ ਆ ਰਿਹਾ ਪਾਣੀ, ਜਾਨ ਜੋਖ਼ਮ 'ਚ ਪਾ ਕੇ ਕਿਸਾਨ ਬੰਨ੍ਹਾਂ ਨੂੰ ਮਜ਼ਬੂਤ ਕਰਨ 'ਚ ਲੱਗੇ <br/>

Ad Position 21
No active advertisement
ਅਜੀਤ ਡੈਸਕ 05-09-2025
ਮੱਲਾਂਵਾਲਾ, 4 ਸਤੰਬਰ (ਗੁਰਦੇਵ ਸਿੰਘ)- ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਗੱਟਾ ਬਾਦਸ਼ਾਹ ਇਸ ਵੇਲੇ ਹੜ੍ਹ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਉੱਥੇ ਹੀ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਸਾਨ ਅਤੇ ਇਲਾਕੇ ਦੀਆਂ ਸੰਗਤਾਂ ਆਪਣੇ ਟਰੈਕਟਰਾਂ ਨਾਲ ਮਿੱਟੀ ਪਾ ਰਹੀਆਂ ਹਨ | ਦਰਿਆ 'ਚ ਆ ਰਿਹਾ ਤੇਜ਼ ਲਹਿਰਾਂ ਬਣ ਕੇ ਪਾਣੀ ਜਿੱਥੇ ਬੰਨ੍ਹਾਂ ਨਾਲ ਟਕਰਾ ਕੇ ਖੋਰਾ ਲਗਾ ਰਿਹਾ ਹੈ, ਉੱਥੇ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਲੱਗੇ ਲੋਕਾਂ ਨੂੰ ਡੂੰਘੀ ਚਿੰਤਾ 'ਚ ਪਾ ਰਿਹਾ ਹੈ | ਦੂਰੋਂ-ਨੇੜਿਉਂ ਪਿੰਡਾਂ ਦੇ ਲੋਕ ਆਪਣੀਆਂ ਟਰਾਲੀਆਂ 'ਤੇ ਮਿੱਟੀ ਲੱਦ ਕੇ ਲਿਆ ਤੇ ਕੋਈ ਮਿੱਟੀ ਨੂੰ ਗੱਟਿਆਂ 'ਚ ਪਾ ਕੇ ਲਿਆ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਬੰਨ੍ਹ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਬੰਨ੍ਹ ਟੁੱਟਦਾ ਹੈ ਤਾਂ ਜਿਸ ਹਿਸਾਬ ਨਾਲ ਦਰਿਆ 'ਚ ਤੇਜ਼ ਵਹਾਅ ਨਾਲ ਪਾਣੀ ਆ ਰਿਹਾ ਹੈ, ਉਸ ਹਿਸਾਬ ਨਾਲ ਤਾਂ ਇਹ ਪਾਣੀ ਸਾਰੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲਵੇਗਾ | ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਮਿਲ ਕੇ ਇਸ ਬੰਨ੍ਹ 'ਤੇ ਮਿੱਟੀ ਪਾ ਰਹੇ ਹਨ ਅਤੇ ਹੋਰਨਾਂ ਪਿੰਡਾਂ ਦੇ ਕਿਸਾਨ ਵੀ ਇਸ ਬੰਨ੍ਹ 'ਤੇ ਟਰੈਕਟਰਾਂ ਮਗਰ ਟਰਾਲੀਆਂ ਪਾ ਕੇ ਮਿੱਟੀ ਲਿਆ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੰਗ ਸਿਰਫ਼ ਮਿੱਟੀ 'ਤੇ ਪਾਣੀ ਨਾਲ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ ਨਾਲ ਪਾਲੀ ਫ਼ਸਲ ਅਤੇ ਸਾਰੀ ਉਮਰ ਦੀ ਕਮਾਈ ਨਾਲ ਬਣਾਏ ਘਰਾਂ ਨੂੰ ਬਚਾਉਣ ਲਈ ਹੈ | ਮੌਕੇ 'ਤੇ ਬੰਨ੍ਹ ਮਜ਼ਬੂਤ ਕਰਨ 'ਚ ਲੱਗੀਆਂ ਸੰਗਤਾਂ ਲਈ ਲੰਗਰ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ |
ਕੰਡਿਆਲੀ ਤਾਰ ਦੇ ਦੋਵੇ ਪਾਸੇ ਦੇ ਕਿਸਾਨ ਹੋਏ ਪ੍ਰਭਾਵਿਤ
ਮਮਦੋਟ, (ਪੱਤਰ ਪ੍ਰੇਰਕ)- ਕਸਬਾ ਮਮਦੋਟ ਦੇ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨੇੜੇ ਵੱਸੇ ਦੋ ਪਿੰਡਾਂ ਲੱਖਾ ਸਿੰਘ ਵਾਲਾ ਹਿਠਾੜ ਅਤੇ ਬਸਤੀ ਜਸਕਰਨ ਸਿੰਘ (ਦਾਖਲੀ ਲੱਖਾਂ ਸਿੰਘ ਵਾਲਾ ਹਿਠਾੜ) ਦਾ ਕਰੀਬ 2500 ਏਕੜ ਰਕਬਾ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਦੀ ਮਾਰ ਹੇਠ ਆਇਆ ਹੈ ਜਿਸ ਵਿਚ ਕਿਸਾਨਾਂ ਵਲੋਂ ਬੀਜੀਆਂ ਹੋਈਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ | ਇਸ ਦੌਰਾਨ ਸੁਰਜੀਤ ਸਿੰਘ ਸਰਪੰਚ, ਮੁੱਖਾ ਸਿੰਘ, ਸ਼ਿੰਦਰ ਸਿੰਘ, ਬਲਵਿੰਦਰ ਸਿੰਘ, ਸ਼ਿੰਦਰ ਬਾਠਾਂ, ਕਰਨੈਲ ਸਿੰਘ ਕਾਲਾ, ਬਲਕਾਰ ਸਿੰਘ, ਚਿਮਨ ਸਿੰਘ, ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਥੋੜ੍ਹੀ ਦੂਰ ਲੱਗੀ ਕੰਡਿਆਲੀ ਤਾਰ ਦੇ ਦੋਵਾਂ ਪਾਸਿਆਂ 'ਤੇ ਹੀ ਇੰਨਾ ਪਿੰਡਾਂ ਦੀ ਜ਼ਮੀਨ ਹੈ ਜਿੱਥੇ ਜ਼ਿਆਦਾਤਰ ਦਰਮਿਆਨੇ ਜ਼ਿਮੀਂਦਾਰ ਹੀ ਖੇਤੀਬਾੜੀ ਕਰਦੇ ਆ ਰਹੇ ਹਨ ਜੋ ਝੋਨੇ, ਕਣਕ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਸਾਲ 2023 ਦੌਰਾਨ ਆਏ ਹੜ੍ਹਾਂ ਨਾਲ ਵੀ ਇਸ ਖੇਤਰ ਵਿਚ ਵੱਡੇ ਪੱਧਰ 'ਤੇ ਫ਼ਸਲਾਂ ਦਾ ਖ਼ਰਾਬਾ ਹੋਇਆ ਸੀ ਜਿਸ ਕਾਰਨ ਸਥਾਨਕ ਲੋਕਾਂ ਦੀ ਆਰਥਿਕਤਾ ਹਾਲੇ ਤੱਕ ਲੀਹ ਉੱਤੇ ਨਹੀਂ ਸੀ ਆਈ ਕਿ ਇਸ ਵਾਰ ਫਿਰ ਸਤਲੁਜ ਦਾ ਪਾਣੀ ਸਭ ਕੁੱਝ ਰੋੜ ਕੇ ਲੈ ਗਿਆ | ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਰਿਆ ਵਿਚ ਪਾਣੀ ਦਾ ਪੱਧਰ ਰੋਜ਼ਾਨਾ ਵਧ ਰਿਹਾ ਹੈ | ਉਸ ਨਾਲ ਪਿੰਡਾਂ 'ਤੇ ਵੀ ਖ਼ਤਰਾ ਮੰਡਰਾਉਣ ਲੱਗਾ ਹੈ ਕਿਉਂਕਿ ਇਸ ਇਲਾਕੇ ਵਿਚ ਦਰਿਆ ਕਿਨਾਰੇ ਸੁਰੱਖਿਆ ਬੰਨ੍ਹ ਨਹੀਂ ਹੈ ਅਤੇ ਪਿੰਡ ਤੋਂ ਥੋੜ੍ਹੀ ਦੂਰ ਛੋਟੀ ਜਿਹੀ ਨਹਿਰ ਹੀ ਹੈ ਜੋ ਫ਼ਿਲਹਾਲ ਉਨ੍ਹਾਂ ਦੇ ਬਚਾਅ ਲਈ ਢਾਲ ਬਣੀਂ ਹੋਈ ਹੈ | ਜ਼ਿਕਰਯੋਗ ਹੈ ਕਿ ਬਲਾਕ ਦੇ ਪਿੰਡ ਫਾਰੂ ਵਾਲਾ ਅਤੇ ਰਾਜਾ ਰਾਏ ਦੇ ਨੇੜਿਉਂ ਸਤਲੁਜ ਦਰਿਆ ਦਾ ਪਾਣੀ ਸੜਕਾਂ ਦੇ ਉੱਪਰ ਤੋਂ ਵਗਣ ਲੱਗਾ ਹੈ, ਬੇਸ਼ੱਕ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਹੈ, ਪਰ ਇਸ ਨਾਲ ਸਰਹੱਦ ਨੇੜੇ ਦੇ ਕਈ ਪਿੰਡਾਂ ਲਈ ਖ਼ਤਰਾ ਬਣ ਗਿਆ ਹੈ | ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਹੁਣ ਤੱਕ ਉਹ ਆਪਣੀਆਂ ਫ਼ਸਲਾਂ ਤੇ 80 ਪ੍ਰਤੀਸ਼ਤ ਖ਼ਰਚ ਕਰ ਚੁੱਕੇ ਹਨ ਤੇ ਅਗਲੇ ਮਹੀਨੇ ਤੱਕ ਫ਼ਸਲਾਂ ਚੁੱਕਣ ਲਈ ਆਸਵੰਦ ਸਨ ਪਰ ਹੜ੍ਹਾਂ ਦੀ ਮਾਰ ਨੇ ਉਨ੍ਹਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ | ਕਿਸਾਨਾਂ ਨੇ ਸਰਕਾਰ ਤੋਂ ਜ਼ਮੀਨ ਮਾਲਕਾਂ ਦੇ ਨਾਲ-ਨਾਲ ਕਾਸ਼ਤਕਾਰਾਂ ਨੂੰ ਵੀ ਘੱਟੋ ਘੱਟ 80 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਆਰਥਿਕਤਾ ਡਾਵਾਂ ਡੋਲ ਹੋਣ ਤੋਂ ਬਚ ਜਾਵੇ ਤੇ ਜ਼ਿੰਦਗੀ ਦੀ ਗੱਡੀ ਲੀਹ ਤੋਂ ਨਾ ਲੱਥੇ |
ਡੈਮਾਂ ਤੋਂ ਛੱਡੇ ਹੋਰ ਪਾਣੀ ਨੂੰ ਦੇਖਦਿਆਂ ਫ਼ਿਰੋਜ਼ਪੁਰ ਪ੍ਰਸ਼ਾਸਨ ਹੋਇਆ ਚੌਕਸ
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)- ਭਾਖੜਾ ਡੈਮ ਤੋਂ ਪਾਣੀ ਦੀ ਵਧ ਰਹੀ ਰਿਲੀਜ਼ ਨੂੰ ਦੇਖਦਿਆਂ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ | ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਪਹਿਲਾਂ ਤੋਂ ਹੀ ਹੜ੍ਹ ਦੇ ਪਾਣੀ ਵਿਚ ਫ਼ਸੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਸੁਰੱਖਿਅਤ ਥਾਵਾਂ 'ਤੇ ਆਉਣ ਲਈ ਕਿਹਾ ਹੈ | ਉਨ੍ਹਾਂ ਦੱਸਿਆ ਕਿ ਹਰੀਕੇ ਹੈੱਡਵਰਕਸ ਰਾਹੀਂ 3 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਸਤਲੁਜ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ | ਬੰਨ੍ਹਾਂ 'ਤੇ ਢਾਅ ਪੈ ਰਹੀ ਹੈ ਜਿਸ ਕਰਕੇ ਉਨ੍ਹਾਂ ਦੀ ਮਜ਼ਬੂਤੀ ਲਈ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਿੱਟੀ ਦੇ ਗੱਟੇ ਤੇ ਹੋਰ ਸਾਧਨਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਹਬੀਬ ਕੇ ਵਿਖੇ ਵੀ ਭਾਰੀ ਮਾਤਰਾ ਵਿਚ ਗੱਟੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਹੈ | ਸ਼ਹਿਰ ਦੇ ਨੇੜੇ ਸਥਿਤ ਹੋਣ ਕਾਰਨ ਇਸ ਬੰਨ੍ਹ ਦੀ ਮਜ਼ਬੂਤੀ ਦਾ ਬਣੇ ਰਹਿਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਪਾਣੀ ਦੀ ਮਾਰ ਨਾ ਝੱਲਣੀ ਪਵੇ | ਗੱਟੀ ਰਾਜੋ ਕੇ ਤੇ ਉਸ ਤੋਂ ਅੱਗੇ ਪਿੰਡ ਵੀ ਪਾਣੀ ਦੇ ਲਪੇਟ ਵਿਚ ਹਨ | ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਪਾਣੀ ਵਿਚ ਫਸੇ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਬਣਾਏ ਗਏ ਰਾਹਤ ਕੇਂਦਰਾਂ ਵਿਚ ਲਿਆਂਦਾ ਜਾਵੇ ਜਿੱਥੇ ਉਨ੍ਹਾਂ ਲਈ ਖਾਣ-ਪੀਣ ਤੋਂ ਇਲਾਵਾ ਹੋਰ ਜ਼ਰੂਰੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਰੋਲ ਵੇਖਣ ਨੂੰ ਮਿਲਿਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕੰਮ ਕਰ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੁਕਣੇ ਵਾਲਾ ਵਿਖੇ ਵੀ ਐਨ.ਡੀ.ਆਰ.ਐਫ਼. ਅਤੇ ਆਰਮੀ ਦੀਆਂ ਟੀਮਾਂ ਦਰਿਆ ਦੇ ਪਾਣੀ ਵਿਚ ਫਸੇ ਲੋਕਾਂ ਨੂੰ ਘਰਾਂ ਵਿਚ ਰਾਸ਼ਨ ਪਾਣੀ ਅਤੇ ਹੋਰ ਸਾਮਾਨ ਕਿਸ਼ਤੀਆਂ ਰਾਹੀਂ ਪਹੁੰਚਾ ਰਹੇ ਹਨ | ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਤਿੰਨ ਐਨ.ਡੀ.ਆਰ.ਐੱਫ. ਦੀਆਂ ਟੀਮਾਂ ਤੇ ਪੰਜ ਆਰਮੀ ਦੀਆਂ ਟੀਮਾਂ ਕਾਰਜਸ਼ੀਲ ਹਨ | ਇਸ ਤੋਂ ਬਿਨਾਂ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਸਰਹੱਦੀ ਪਿੰਡਾਂ ਵਿਚੋਂ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ 100 ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ 28 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅੱਠ ਰਾਹਤ ਕੇਂਦਰ ਕਾਰਜਸ਼ੀਲ ਹਨ ਤੇ ਹਰੇਕ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ | ਹੜ੍ਹ ਪ੍ਰਭਾਵਿਤਾਂ ਲਈ ਸੁੱਕਾ ਰਾਸ਼ਨ, ਭੋਜਨ, ਪੀਣ ਵਾਲਾ ਪਾਣੀ ਆਦਿ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਆਖ਼ਰ ਸੰਗਤ ਦੀ ਮਿਹਨਤ ਰੰਗ ਲਿਆਈ, ਹਬੀਬ ਕੇ ਬੰਨ੍ਹ 'ਤੇ ਮਿਲੀ ਰਾਹਤ ਪਰ ਚੌਕਸ ਰਹਿਣ ਦੀ ਲੋੜ <br/>
Ad Position 24