ਮਮਦੋਟ, 4 ਸਤੰਬਰ (ਸੁਖਦੇਵ ਸਿੰਘ ਸੰਗਮ)- ਪਿਛਲੇ ਕਈ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮਮਦੋਟ ਬਲਾਕ ਅਧੀਨ ਆਉਂਦੇ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਵਿਖੇ ਗ਼ਰੀਬ ਪਰਿਵਾਰ ਨੂੰ ਛੱਤ ਤੋਂ ਵਾਂਝਾ ਕਰ ਦਿੱਤਾ ਹੈ | ਇਸ ਸਬੰਧੀ ਪਰਿਵਾਰ ਦੇ ਮੁਖੀ ਪੱਪੂ ਸਿੰਘ ਵਾਸੀ ਬਸਤੀ ਗੁਲਾਬ ਸਿੰਘ ਵਾਲੀ ਨੇ ਦੱਸਿਆ ਕਿ ਪਿਛਲੇ 5-6 ਦਿਨਾਂ ਤੋਂ ਇਲਾਕੇ ਵਿਚ ਭਾਰੀ ਬਾਰਸ਼ ਹੋ ਰਹੀ ਸੀ ਜਿਸ ਦੇ ਕਾਰਨ ਕਮਜ਼ੋਰ ਹੋਈ ਉਸ ਦੇ ਕਮਰੇ ਦੀ ਛੱਤ ਬੀਤੇ ਕੱਲ੍ਹ ਡਿੱਗ ਪਈ ਅਤੇ ਅੰਦਰ ਪਿਆ ਘਰੇਲੂ ਜ਼ਰੂਰਤ ਦਾ ਸਾਰਾ ਸਮਾਨ ਵੀ ਖ਼ਰਾਬ ਹੋ ਗਿਆ ਹੈ | ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਮਹਿੰਗਾਈ ਦੇ ਦੌਰ ਵਿਚ ਉਸ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਦੁਬਾਰਾ ਮਕਾਨ ਬਣਾ ਸਕੇ | ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ |