ਮੱਖੂ, 4 ਸਤੰਬਰ (ਵਰਿੰਦਰ ਮਨਚੰਦਾ)-ਪੰਜਾਬ ਦੇ ਦਰਿਆਈ ਇਲਾਕਿਆਂ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਜਿੱਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ ਉੱਥੇ ਹੀ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲਿਆਂ ਦੀ ਕਤਾਰ 'ਚ ਪੰਜਾਬੀ ਮੂਹਰੇ ਹੋ ਕੇ ਰੋਲ ਨਿਭਾਅ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਰੁਕਨੇ ਵਾਲਾ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਰਾਹਤ ਕਾਰਜਾਂ 'ਚ ਸੰਗਤਾਂ ਨਾਲ ਸੇਵਾਵਾਂ ਨਿਭਾਉਣ ਲਈ ਪੁੱਜੇ ਸੰਤ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਦਰਿਆ ਕੰਢੇ ਵਸਣ ਵਾਲਿਆਂ ਨੂੰ ਰੋਜ਼ਾਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਦੇ ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਰੂਹ ਕੰਬ ਉੱਠਦੀ ਹੈ ਕਿਉਂਕਿ ਇਨ੍ਹਾਂ ਇਲਾਕਿਆਂ 'ਚ ਵਾਰ-ਵਾਰ ਆਉਂਦੇ ਹੜ੍ਹਾਂ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸੰਤ ਗੁਰਨਾਮ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਰਕਾਰਾਂ ਵਲੋਂ ਇਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਲਈ ਕੋਈ ਕਦਮ ਚੁੱਕਿਆ ਹੁੰਦਾ ਤਾਂ ਸ਼ਾਇਦ ਇਹ ਦਿਨ ਅੱਜ ਇੱਥੋਂ ਦੇ ਲੋਕਾਂ ਨੂੰ ਨਾ ਦੇਖਣਾ ਪੈਂਦਾ | ਇਸ ਮੌਕੇ ਸੁਖਚੈਨ ਸਿੰਘ ਭੂਤੀ ਵਾਲਾ ਸਾਬਕਾ ਸਰਪੰਚ, ਮਹਿੰਦਰ ਸਿੰਘ ਲਹਿਰਾ, ਜੋਗਾ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |