ਜ਼ੀਰਾ, 4 ਸਤੰਬਰ (ਰਜਨੀਸ਼ ਕਥੂਰੀਆ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਪਿੰਡ ਸਨੇਰ ਵਿਖੇ ਹੋਈ | ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਸਮੂਹ ਬੁਲਾਰਿਆਂ ਨੇ ਪਿਛਲੇ ਦਿਨੀਂ ਹੜ੍ਹਾਂ ਦੇ ਦੌਰਾਨ ਹਲਕਾ ਨਕੋਦਰ ਦੇ ਇਕ ਕਿਸਾਨ ਵਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਨਾਲ ਗੱਲ ਕਰਨ ਤੋਂ ਖ਼ਫ਼ਾ ਹੋਈ ਬੀਬੀ ਵਲੋਂ ਕਿਸਾਨ ਨਾਲ ਕੀਤੀ ਗਈ ਬਦਸਲੂਕੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕੋਈ ਵੀ ਵਿਧਾਇਕ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹ ਲੋਕਾਂ ਵਲੋਂ ਚੁਣਿਆ ਗਿਆ ਹੁੰਦਾ ਹੈ ਤੇ ਲੋਕਾਂ ਨੂੰ ਹੱਕ ਹੈ ਕਿ ਉਹ ਉਨ੍ਹਾਂ ਪਾਸੋਂ ਸਰਕਾਰ ਵਲੋਂ ਲੋਕਾਂ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਬੰਧੀ ਸਵਾਲ ਜਵਾਬ ਕਰਨ | ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਦਾ ਕਿਸਾਨ ਬੀਬੀ ਤੋਂ ਹੜ੍ਹਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਲੈਣ ਲਈ ਅਜੇ ਗੱਲਬਾਤ ਕਰ ਹੀ ਰਿਹਾ ਸੀ ਕਿ ਬੀਬੀ ਨੇ ਆਪਣੇ ਨਾਲ ਆਏ ਆਪਣੇ ਸਮਰਥਕਾਂ ਅਤੇ ਸੁਰੱਖਿਆ ਕਰਮੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਨੂੰ ਬਾਹਰ ਕੱਢੋ ਇੱਥੋਂ | ਇਕ ਵਿਧਾਇਕਾਂ ਵਲੋਂ ਅਜਿਹਾ ਵਿਹਾਰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਹੜ੍ਹ ਪੀੜਤਾਂ ਦੀ ਮਦਦ ਵਿਚ ਰੁੱਝੇ ਹੋਏ ਹਾਂ ਤੇ ਕੁੱਝ ਦਿਨਾਂ ਬਾਅਦ ਜੇਕਰ ਵਿਧਾਇਕਾ ਨੇ ਆਪਣੀ ਇਸ ਬੋਲ ਬਾਣੀ ਦੀ ਮੁਆਫ਼ੀ ਨਾ ਮੰਗੀ ਤਾਂ ਕਿਸਾਨ ਯੂਨੀਅਨ ਇਸ ਖ਼ਿਲਾਫ਼ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੀਆਂ | ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਹਰਪ੍ਰੀਤ ਸਿੰਘ ਲੌਂਗੋਦੇਵਾ, ਜਨਰਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਮਨਦੀਪ ਸਿੰਘ ਅਲੀਪੁਰ ਸਕੱਤਰ ਜ਼ਿਲ੍ਹਾ ਫ਼ਿਰੋਜਪੁਰ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ ਤੋਂ ਇਲਾਵਾ ਬਾਬਾ ਤਰਸੇਮ ਸਿੰਘ ਤਲਵੰਡੀ ਮੰਗੇ ਖਾਂ, ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ, ਗੁਰਪ੍ਰੀਤ ਸਿੰਘ ਵਲਟੋਹਾ, ਗੁਰਚਰਨ ਨੂਰਪੁਰ, ਜਗਪਾਲ ਸਿੰਘ ਸੋਢੀਵਾਲਾ, ਹਰਪਾਲ ਸਿੰਘ ਪੰਡੋਰੀ, ਭੁਪਿੰਦਰ ਸਿੰਘ ਮਨੇਸ, ਅੰਮਿ੍ਤਪਾਲ ਸਿੰਘ, ਅਵਤਾਰ ਸਿੰਘ ਹਰਦਾਸਾ, ਪਰਮਿੰਦਰ ਸਿੰਘ ਬੱਢਾ, ਪਰਮਜੀਤ ਵਿਦਿਆਰਥੀ ਤੇ ਕੁਲਵਿੰਦਰ ਸਿੰਘ ਜ਼ੀਰਾ ਆਦਿ ਹਾਜ਼ਰ ਸਨ |