ਮੱਲਾਂਵਾਲਾ, 23 ਸਤੰਬਰ (ਬਲਬੀਰ ਸਿੰਘ ਜੋਸਨ)-ਪੰਜਾਬ 'ਚ ਆਏ ਹੜ੍ਹ ਕਾਰਨ ਹੜ੍ਹ ਪੀੜਤ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਯੂ.ਕੇ ਤੋਂ ਚੱਲ ਕੇ ਫ਼ਿਰੋਜ਼ਪੁਰ ਦੇ ਪਿੰਡਾਂ ਦੇ ਵਿਚ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਇਕ ਗੁਰਸਿੱਖ ਪੰਜਾਬੀ ਪਰਿਵਾਰ ਪਹੁੰਚਿਆਂ ਜਿੱਥੇ ਉਨ੍ਹਾਂ ਹੜ੍ਹ ਪੀੜਤਾਂ ਦਾ ਹਾਲ ਜਾਣਿਆ ਹੈ ਉੱਥੇ ਹੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪੀੜਤ ਪਿੰਡ ਬੱਗੇਵਾਲਾ, ਟੱਲੀ ਗੁਲਾਮ, ਹਾਮਦ ਚੱਕ, ਦੂਲਾ ਸਿੰਘ ਵਾਲਾ, ਕੁਤਬਦੀਨ ਵਾਲਾ ਵਸਤੀ ਕਿਸ਼ਨ ਸਿੰਘ ਵਾਲੀ ਆਦਿ ਪਿੰਡਾਂ ਵਿਚ ਆਏ ਹੜ੍ਹਾਂ ਨੇ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਬਣਾ ਦਿੱਤੇ ਹਨ | ਜਿੱਥੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ | ਉੱਥੇ ਹੀ ਵਿਦੇਸ਼ ਰਹਿੰਦੇ ਪੰਜਾਬੀ ਪਰਿਵਾਰ ਪੰਜਾਬ ਆ ਕੇ ਵਧ ਚੜ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ | ਯੂ.ਕੇ ਤੋਂ ਆਏ ਜਸਵਿੰਦਰ ਸਿੰਘ ਖ਼ਾਲਸਾ, ਬਚਨ ਸਿੰਘ, ਗੁਰਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਪਿੰਡ ਕੁਤਬਦੀਨ ਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਨ੍ਹਾਂ ਹੜ੍ਹਾਂ ਦੌਰਾਨ ਪੰਜਾਬ ਦੇ ਹਾਲਾਤ ਦੇਖੇ ਤਾਂ ਉਨ੍ਹਾਂ ਦਾ ਮਨ ਬਹੁਤ ਉਦਾਸ ਹੋਇਆ ਅਤੇ ਪੰਜਾਬ ਦੇ ਲੋਕਾਂ ਨੂੰ ਦੁੱਖ ਵਿਚ ਦੇਖਦੇ ਹੋਏ ਉਹ ਯੂ.ਕੇ ਤੋਂ ਚੱਲਕੇ ਪੰਜਾਬ ਆ ਗਏ ਅਤੇ ਹੁਣ ਉਹ ਪਿੰਡ ਪਿੰਡ ਜਾ ਕੇ ਖ਼ੁਦ ਲੋਕਾਂ ਨੂੰ ਮਿਲ ਰਹੇ ਹਨ ਅਤੇ ਹੜ੍ਹ ਪੀੜਤਾਂ ਦਾ ਹਾਲ ਜਾਣ ਰਹੇ ਹਨ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਵੀ ਗੱਲ ਉਨ੍ਹਾਂ ਵਲੋਂ ਆਖੀ ਗਈ ਹੈ | ਉਨ੍ਹਾਂ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਆਉਣ ਅਤੇ ਆਪਣੇ ਹੱਥੀ ਜਿਹੜੇ ਹੜ੍ਹ ਪੀੜਤ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਨੇ ਘਰਾਂ ਦਾ ਨੁਕਸਾਨ ਹੋ ਗਿਆ ਅਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਦਦ ਕਰਨ | ਇਸ ਮੌਕੇ ਤਜਿੰਦਰ ਸਿੰਘ ਰਾਜਦੀਪ ਸਿੰਘ ਸੁਖਜੀਵ ਸਿੰਘ ਆਦਿ ਹਾਜ਼ਰ ਸਨ |