ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)-ਗੋਲਡਨ ਐਰੋ ਡਵੀਜ਼ਨ ਦੀ ਅਗਵਾਈ ਹੇਠ ਮਿਲਟਰੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਇਕ ਉੱਚ ਪੱਧਰੀ ਤਾਲਮੇਲ ਮੀਟਿੰਗ ਦਾ ਆਯੋਜਨ ਫ਼ਿਰੋਜ਼ਪੁਰ ਵਿਖੇ ਕੀਤਾ ਗਿਆ | ਫ਼ਿਰੋਜ਼ਪੁਰ 'ਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਹਾਂ ਏਜੰਸੀਆਂ ਵਿਚਕਾਰ ਤਾਲਮੇਲ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਰਵਾਈ ਗਈ | ਇਸ ਮੀਟਿੰਗ ਦੀ ਸਹਿ-ਅਧਿਕਸ਼ਤਾ ਗੋਲਡਨ ਐਰੋ ਪ੍ਰੋ ਯੂਨਿਟ ਦੇ ਕਮਾਂਡਿੰਗ ਅਫ਼ਸਰ ਕਰਨਲ ਮੁਨੀਸ਼ ਅਤੇ ਫ਼ਿਰੋਜ਼ਪੁਰ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਕੀਤੀ | ਦੋਹਾਂ ਅਧਿਕਾਰੀਆਂ ਨੇ ਰੱਖਿਆ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਾਂਝੇ ਤੌਰ 'ਤੇ ਕੰਮ ਕਰਕੇ ਖੇਤਰ ਨੂੰ ਨਸ਼ਾ ਵਿਰੋਧੀ ਅਤੇ ਅਪਰਾਧ ਰਹਿਤ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ | ਤਾਲਮੇਲ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਈ, ਜਿਸ 'ਚ ਟਰੈਫਿਕ ਪ੍ਰਬੰਧਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਚੋਰੀਆਂ 'ਤੇ ਰੋਕ ਲਾਉਣ ਅਤੇ ਭਵਿੱਖ ਵਿਚ ਆਉਣ ਵਾਲੀਆਂ ਸਾਂਝੀਆਂ ਚੁਨੌਤੀਆਂ ਲਈ ਯੋਜਨਾ ਤਿਆਰ ਕਰਨੀ ਸ਼ਾਮਿਲ ਸੀ | ਦੋਹਾਂ ਫੋਰਸਾਂ ਨੇ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਅਤੇ ਆਮ ਲੋਕਾਂ ਦੀ ਭਲਾਈ ਲਈ ਇਕ-ਦੂਜੇ ਨਾਲ ਨਿਯਮਤ ਸੰਪਰਕ ਵਿਚ ਰਹਿਣ ਦਾ ਫ਼ੈਸਲਾ ਕੀਤਾ | ਕਰਨਲ ਮੁਨੀਸ਼ ਨੇ ਕਿਹਾ ਕਿ ਫ਼ੌਜ ਅਤੇ ਸਥਾਨਕ ਪੁਲਿਸ ਵਿਚਕਾਰ ਤਾਲਮੇਲ ਸਿਰਫ਼ ਸੀਮਾਵਾਂ ਦੀ ਰੱਖਿਆ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਲਾਜ਼ਮੀ ਹੈ | ਐਸ.ਐਸ.ਪੀ ਭੁਪਿੰਦਰ ਸਿੰਘ ਨੇ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਸੰਯੁਕਤ ਆਪ੍ਰੇਸ਼ਨ ਅਤੇ ਜਾਣਕਾਰੀ ਸਾਂਝੀ ਕਰਨ ਰਾਹੀਂ ਅਸੀਂ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਅਤੇ ਹੋਰ ਗ਼ੈਰਕਾਨੰੂਨੀ ਗਤੀਵਿਧੀਆਂ ਨੂੰ ਕਾਬੂ ਕਰ ਸਕਦੇ ਹਾਂ | ਮੀਟਿੰਗ ਵਿਚ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਸੁਰੱਖਿਆ ਸੰਬੰਧੀ ਮਾਮਲਿਆਂ ਨੂੰ ਲੈ ਕੇ ਆਪਣੇ ਵਿਚਾਰ ਪ੍ਰਸਤੁਤ ਕੀਤੇ | ਇਹ ਤਾਲਮੇਲ ਮੀਟਿੰਗ ਨਕਲੀ ਨਸ਼ਿਆਂ ਦੀ ਰੋਕਥਾਮ, ਸੁਰੱਖਿਆ ਸੰਬੰਧੀ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਆਮ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਵੱਲ ਇਕ ਇਤਹਾਸਿਕ ਕਦਮ ਵਜੋਂ ਦੇਖੀ ਜਾ ਰਹੀ ਹੈ |