ਜ਼ੀਰਾ, 23 ਸਤੰਬਰ (ਰਜਨੀਸ਼ ਕਥੂਰੀਆ)-ਸੰਤ ਕਬੀਰ ਕਾਲਜ ਜ਼ੀਰਾ ਵਲੋਂ ਸਰੀਰਕ ਤੌਰ 'ਤੇ ਅਪਾਹਜ ਬੱਚਿਆਂ ਲਈ ਇਕ ਮਹੱਤਵਪੂਰਨ ਪਹੁੰਚ ਸ਼ੁਰੂ ਕੀਤੀ ਗਈ ਹੈ | ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਸਰੀਰਕ ਤੌਰ 'ਤੇ ਅਪਾਹਜ ਵਿਦਿਆਰਥੀਆਂ ਨੂੰ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐਲ.) ਮੋਡ ਹੇਠ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ | ਇਸ ਯੋਜਨਾ ਦੇ ਤਹਿਤ ਵਿਦਿਆਰਥੀ ਬਿਨਾਂ ਕਿਸੇ ਫ਼ੀਸ ਦੇ ਘਰ ਬੈਠੇ ਜਾਂ ਆਪਣੀ ਸਹੂਲਤ ਅਨੁਸਾਰ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ | ਇਸ ਸਕੀਮ ਵਿਚ ਵਿਦਿਆਰਥੀਆਂ ਲਈ ਬੀ.ਏ., ਬੀ.ਕਾਮ., ਬੀ.ਸੀ.ਏ., ਐਮ.ਏ. ਅੰਗਰੇਜ਼ੀ, ਐੱਮ.ਏ ਪੰਜਾਬੀ ਵਰਗੀਆਂ ਡਿਗਰੀਆਂ ਤੋਂ ਇਲਾਵਾ ਵੱਖ-ਵੱਖ ਡਿਪਲੋਮਾ ਕੋਰਸ ਜਿਵੇਂ ਕਿ ਡੀ.ਸੀ.ਏ., ਬੇਸਿਕ ਕੰਪਿਊਟਰ, ਫੈਸ਼ਨ ਡਿਜ਼ਾਇਨਿੰਗ ਆਦਿ ਵਿਚ ਮੁਫ਼ਤ ਦਾਖਲੇ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਕਾਲਜ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਯਤਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦਿਆਰਥੀ ਆਪਣੀ ਅਪਾਹਜਤਾ ਜਾਂ ਆਰਥਿਕ ਕਮਜ਼ੋਰੀ ਕਰਕੇ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਉਹ ਵੀ ਸਮਾਜ ਵਿਚ ਸਵੈ-ਨਿਰਭਰ ਬਣ ਕੇ ਆਪਣੀ ਪਛਾਣ ਬਣਾ ਸਕੇ | ਕਾਲਜ ਪਿ੍ੰਸੀਪਲ ਡਾ. ਵੀਰਪਾਲ ਨੇ ਦੱਸਿਆ ਕਿ ਸਿੱਖਿਆ ਉਹ ਚਾਨਣ ਹੈ ਜੋ ਜੀਵਨ ਦੇ ਹਨੇਰੇ ਨੂੰ ਮਿਟਾ ਕੇ ਉਜਾਲੇ ਵੱਲ ਲੈ ਜਾਂਦੀ ਹੈ | ਸੰਤ ਕਬੀਰ ਕਾਲਜ ਦਾ ਇਹ ਕਦਮ ਨਾ ਸਿਰਫ਼ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਲਈ ਰੌਸ਼ਨੀ ਦੀ ਕਿਰਨ ਹੈ ਸਗੋਂ ਪੂਰੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਵੀ ਹੈ |