ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਵਿਖੇ ਬਾਜ ਵਾਲੇ ਚੌਂਕ ਦੇ ਕੋਲ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਆਰਮੀ ਦੀ ਜਿਪਸੀ ਵੱਜਣ ਨਾਲ ਆਰਮੀ ਦੇ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਇਸ ਸਬੰਧ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ 125 (ਏ), 281, 324 (4) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਇਕ ਸੁਧੀਰ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਨਾਥਾ ਕੀ ਨੰਗਲ ਥਾਣਾ ਨਾਥ ਕੀ ਨੰਗਲ ਜ਼ਿਲ੍ਹਾ ਸੀਕਰ ਰਾਜਸਥਾਨ, ਹਾਲ ਵਾਸੀ ਆਰਮੀ ਯੂਨਿਟ 63 ਨੇ ਦੱਸਿਆ ਕਿ ਮਿਤੀ 21 ਸਤੰਬਰ 2025 ਨੂੰ ਕਰੀਬ 7.40 ਪੀ.ਐੱਮ 'ਤੇ ਉਹ ਆਪਣੀ ਸਰਕਾਰੀ ਗੱਡੀ ਆਰਮੀ ਦੀ ਜਿਪਸੀ ਨੰਬਰ 15 ਬੀ 116658 ਈ ਆਪਣੀ ਯੂਨਿਟ ਤੋਂ ਲੈ ਕੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਲੋਂ ਸਮਾਨ ਦੇ ਕੇ ਜਾ ਰਿਹਾ ਸੀ ਤਾਂ ਜਦ ਉਹ ਬਾਜ ਵਾਲਾ ਚੌਂਕ ਫ਼ਿਰੋਜ਼ਪੁਰ ਤੋਂ ਥੋੜ੍ਹਾ ਪਿੱਛੇ ਸੀ ਤਾਂ ਉਸ ਦੇ ਅੱਗੇ ਇਕ ਲੱਕੜ ਦਾ ਭਰਿਆ (ਕਰੇਟ ਬਣਾਉਣ ਵਾਲੇ ਬਾਲੇ) ਟਰੈਕਟਰ ਟਰਾਲੀ ਜਾ ਰਿਹਾ ਸੀ | ਜਿਸ ਨੂੰ ਉਸ ਦਾ ਡਰਾਈਵਰ ਜਗਤਾਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗੱਜਣ ਸਿੰਘ ਕਾਲੋਨੀ, ਨੇੜੇ ਬੀ.ਐੱਸ.ਐੱਫ ਹੈੱਡਕੁਆਟਰ, ਮੋਗਾ ਰੋਡ ਫ਼ਿਰੋਜ਼ਪੁਰ ਬੜੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ | ਨਾਇਕ ਸੁਧੀਰ ਕੁਮਾਰ ਨੇ ਦੱਸਿਆ ਕਿ ਉਸ ਦੀ ਜਿਪਸੀ ਉਸ ਦੇ ਪਿੱਛੇ ਸੀ ਤਾਂ ਟਰਾਲੀ ਦਾ ਗੁੱਲਾ ਨਿਕਲ ਗਿਆ | ਇਸ ਤੋਂ ਪਹਿਲਾਂ ਕਿ ਉਹ ਆਪਣੀ ਜਿਪਸੀ ਨੂੰ ਰੋਕਦਾ ਉਸ ਦੀ ਜਿਪਸੀ ਸਿੱਧੀ ਟਰਾਲੀ ਦੇ ਪਿੱਛੇ ਜਾ ਵੱਜੀ | ਜਿਸ ਨਾਲ ਜਿਪਸੀ ਦਾ ਨੁਕਸਾਨ ਹੋ ਗਿਆ ਅਤੇ ਉਸ ਨੂੰ ਵੀ ਸੱਟਾਂ ਲੱਗ ਗਈਆਂ | ਜੋ ਇਹ ਹਾਦਸਾ ਟਰੈਕਟਰ ਡਰਾਈਵਰ ਦੀ ਤੇਜ਼ ਰਫ਼ਤਾਰ ਹੋਣ ਕਰਕੇ ਟਰਾਲੀ ਦੇ ਪਿੱਛੇ ਕੋਈ ਵੀ ਰਿਫ਼ਲੈਕਟਰ ਨਾ ਹੋਣ ਕਰਕੇ ਵਾਪਰਿਆ ਹੈ | ਨਾਇਕ ਸੁਧੀਰ ਕੁਮਾਰ ਦਾ ਇਲਾਜ ਹਸਪਤਾਲ ਫ਼ਿਰੋਜ਼ਪੁਰ ਕੈਂਟ 'ਚ ਚੱਲ ਰਿਹਾ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਟਰੈਕਟਰ ਟਰਾਲੀ ਚਾਲਕ ਨੂੰ ਗਿ੍ਫ਼ਤਾਰ ਕਰਕੇ ਉਸ ਦੀ ਟਰੈਕਟਰ ਮਹਿੰਦਰਾ 235 ਸਮੇਤ ਟਰਾਲੀ ਲੱਕੜ ਦੀ ਭਰੀ (ਕਰੇਟ ਬਣਾਉਣ ਵਾਲੇ ਬਾਲੇ) ਕਬਜ਼ੇ ਵਿਚ ਕਰ ਲਈ ਹੈ |