ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)- ਹਾਲ ਹੀ ਵਿਚ ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਐਗਰੀਕਲਚਰਲ ਐਂਡ ਫਾਰਮਰ ਵੈੱਲਫੇਅਰ ਵਿਭਾਗ ਵਲੋਂ ਬਣਾਈ ਗਈ ਵਿਸ਼ੇਸ਼ ਕਮੇਟੀ ਵਲੋਂ ਚੇਅਰਮੈਨ ਅਨਿਲ ਖਿਪਲ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਹੜ੍ਹ ਪੀੜਤ ਪਿੰਡਾਂ ਦੀਨੇ ਕੇ, ਗੱਟਾ ਬਾਦਸ਼ਾਹ, ਟੇਂਡੀ ਵਾਲਾ ਅਤੇ ਭਾਨੇ ਵਾਲਾ ਦਾ ਦੌਰਾ ਕੀਤਾ | ਇਸ ਮੌਕੇ ਕਮੇਟੀ ਦੇ ਮੈਂਬਰ ਡਾ. ਸੁਭਾਸ਼ ਚੰਦਰ ਤੇ ਰਾਮ ਪ੍ਰਕਾਸ਼ ਮੀਨਾ ਵੀ ਹਾਜ਼ਰ ਸਨ | ਆਪਣੇ ਦੌਰੇ ਦੌਰਾਨ ਚੇਅਰਮੈਨ ਅਨਿਲ ਖਿਪਲ ਨੇ ਹੜ੍ਹ ਪੀੜਤ ਲੋਕਾਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਕਿਸਾਨਾਂ ਤੋਂ ਇਸ ਪਾਣੀ ਦੀ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਸੁਝਾਅ ਲਏ ਤੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਜਲਦੀ ਤਿਆਰ ਕਰ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਬਣਦਾ ਮੁਆਵਜ਼ਾ ਜਲਦੀ ਮਿਲ ਸਕੇ | ਇਸ ਮੌਕੇ ਡਾ. ਕਾਮਨੀ ਖੇਤੀਬਾੜੀ ਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ |