ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਫਲਤਾ ਹਾਸਲ ਕਰਦਿਆਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੈਲੂਨ ਦਾ ਕੰਮ ਕਰਦੇ ਇਕ ਨਾਈ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 2 ਨਜਾਇਜ਼ ਪਿਸਤੌਲ ਸਮੇਤ 4 ਮੈਗਜ਼ੀਨ ਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਸਰਕਾਰਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਅੰਦਰ ਨਸ਼ਿਆਂ ਦੇ ਖ਼ਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਲੜੀ ਵਿਚ ਜ਼ਿਲ੍ਹਾ ਦੇ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਇਲਾਕੇ ਅੰਦਰ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋਂ ਦਾਣਾ ਮੰਡੀ ਨਾਲ ਲਗਦੇ ਸੂਏ ਨਹਿਰ ਵੱਲ ਨੂੰ ਪੈਦਲ ਜਾ ਰਹੇ ਸਾਜਨ ਪੁੱਤਰ ਗੁਰਮੇਜ ਵਾਸੀ ਕੜਮਾ, ਥਾਣਾ ਮਮਦੋਟ ਦੀ ਕੀਤੀ ਤਲਾਸ਼ੀ ਦੌਰਾਨ ਉਸ ਵਲੋਂ ਡੱਬ ਵਿਚ ਟੰਗੇ 2 ਨਜਾਇਜ਼ ਪਿਸਤੌਲ (ਇਕ ਗਲੌਕ 30 ਬੋਰ ਸਮੇਤ 2 ਮੈਗਜ਼ੀਨ ਤੇ 2 ਜਿੰਦਾ ਕਾਰਤੂਸ ਅਤੇ ਇਕ ਬਰੇਟਾ ਮਾਰਕਾ 9 ਐੱਮ.ਐੱਮ. ਸਮੇਤ 2 ਮੈਗਜ਼ੀਨ) ਬਰਾਮਦ ਕੀਤੇ, ਜਿਸ ਸੰਬੰਧੀ ਥਾਣਾ ਮਮਦੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਬਾਅਦ ਇਸ ਦੇ ਇਕ ਹੋਰ ਸਾਥੀ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ ਹਨ | ਐੱਸ.ਐੱਸ.ਪੀ ਨੇ ਦੱਸਿਆ ਕਿ ਸਾਜਨ ਦੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਉਸ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |