ਮੱਲਾਂਵਾਲਾ, 18 ਅਕਤੂਬਰ (ਬਲਬੀਰ ਸਿੰਘ ਜੋਸਨ)- ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਸ੍ਰੀ ਸੁਮਿਤ ਮਲਹੋਤਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਿਰੋਜ਼ਪੁਰ ਵਲੋਂ ਭਗਤ ਪੂਰਨ ਸਿੰਘ ਸਕੂਲ ਕਟੋਰਾ ਦੇ ਬੱਚਿਆਂ ਤੇ ਜੇਲ੍ਹ ਕੈਦੀਆਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਹੱਥੀ ਤਿਆਰ ਕੀਤੇ ਦੀਵੇ ਤੇ ਮੋਮਬਤੀਆਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ, ਫ਼ਿਰੋਜ਼ਪੁਰ 'ਚ ਲਗਵਾਈ ਗਈ | ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸਾਰੇ ਜੁਡੀਸ਼ੀਅਲ ਅਫ਼ਸਰਾਂ ਸਮੇਤ ਇਸ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਤੇ ਬੱਚਿਆਂ ਦੀ ਇਸ ਹੁਨਰ ਪ੍ਰਤੀ ਬਹੁਤ ਪ੍ਰਸੰਸਾ ਕੀਤੀ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਵੀ ਇਸ ਪ੍ਰਦਰਸ਼ਨੀ ਤੋਂ ਆਪ ਖ਼ੁਦ ਵੀ ਦੀਵੇ ਤੇ ਮੋਮਬਤੀਆਂ ਖ਼ਰੀਦੇ ਗਏ ਤੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਸਾਡੇ ਤਰਸ ਦੀ ਲੋੜ ਨਹੀਂ ਸਗੋਂ ਸਾਡੇ ਸਹਿਯੋਗ ਦੀ ਲੋੜ ਹੈ | ਇਸ ਦੇ ਨਾਲ ਨਾਲ ਸਾਰੇ ਜੁਡੀਸ਼ੀਅਲ ਅਫ਼ਸਰਾਂ ਨੇ ਵੀ ਦੀਵੇ ਮੋਮਬਤੀਆਂ ਦੀ ਖ਼ਰੀਦ ਕਰਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਇਸ ਪ੍ਰੋਗਰਾਮ ਵਿਚ ਹਾਜ਼ਰ ਸਨ | ਇਸ ਦੌਰਾਨ ਨਾਲਸਾ ਦਾ ਥੀਮ ਗੀਤ ਵੀ ਜਨਤਾ ਨੂੰ ਸੁਣਾਇਆ ਗਿਆ ਤੇ ਟੋਲ ਫ਼ਰੀ ਨੰਬਰ 15100 ਦੇ ਸਟਿੱਕਰ ਵੀ ਖ਼ਰੀਦਦਾਰਾਂ ਨੂੰ ਵੰਡੇ ਗਏ | ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਵਲੋਂ ਗਿਫ਼ਟ ਵੀ ਵੰਡੇ ਗਏ ਤੇ ਉਨ੍ਹਾਂ ਦਾ ਧੰਨਵਾਦ ਕੀਤਾ |