ਫ਼ਿਰੋਜ਼ਪੁਰ, 1 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ ਛੇਵੀਂ ਇੰਟਰ ਡਿਪਾਰਟਮੈਂਟ ਟੀ-20 ਲੀਗ ਕਿ੍ਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਜਾ ਰਿਹਾ ਹੈ | ਇਹ ਟੂਰਨਾਮੈਂਟ 1 ਤੋਂ 30 ਨਵੰਬਰ 2025 ਤੱਕ ਚੱਲੇਗਾ, ਇਸ ਵਿਚ ਮੰਡਲ ਦੇ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਹਨ | ਹਰੇਕ ਟੀਮ ਵਿਚ ਅਧਿਕਾਰੀਆਂ ਅਤੇ ਹੇਠਲੇ ਕਰਮਚਾਰੀਆਂ ਦੀ ਬਰਾਬਰ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ | ਟੂਰਨਾਮੈਂਟ ਦਾ ਉਦਘਾਟਨ ਅੱਜ ਰੇਲਵੇ ਗਰਾਊਾਡ ਫ਼ਿਰੋਜ਼ਪੁਰ ਵਿਖੇ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐੱਮ) ਸੰਜੀਵ ਕੁਮਾਰ ਦੁਆਰਾ ਮੁੱਖ ਮਹਿਮਾਨ ਵਜੋਂ ਕੀਤਾ ਗਿਆ | ਉਦਘਾਟਨੀ ਮੈਚ ਇਲੈਕਟ੍ਰੀਕਲ ਵਿਭਾਗ ਅਤੇ ਵਣਜ ਵਿਭਾਗ ਵਿਚਕਾਰ ਖੇਡਿਆ ਗਿਆ | ਇਲੈਕਟ੍ਰੀਕਲ ਵਿਭਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 97 ਦੌੜਾਂ ਬਣਾਈਆਂ | ਜਵਾਬ ਵਿਚ ਵਣਜ ਵਿਭਾਗ ਟੀਚੇ ਦਾ ਪਿੱਛਾ ਕਰਦੇ ਹੋਏ 75 ਦੌੜਾਂ 'ਤੇ ਆਲ ਆਊਟ ਹੋ ਗਈ | ਇਸ ਤਰ੍ਹਾਂ ਇਲੈਕਟ੍ਰੀਕਲ ਵਿਭਾਗ ਨੇ ਇਹ ਰੋਮਾਂਚਕ ਮੈਚ 22 ਦੌੜਾਂ ਨਾਲ ਜਿੱਤ ਲਿਆ | ਇਲੈਕਟ੍ਰੀਕਲ ਵਿਭਾਗ ਦੇ ਸੰਜੀਵ ਪੁਸ਼ਕਰ ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਜਿਸ ਵਿਚ ਉਨ੍ਹਾਂ ਨੇ 4 ਵਿਕਟਾਂ ਲਈਆਂ, ਲਈ ਮੈਨ ਆਫ਼ ਦੀ ਮੈਚ ਦਾ ਖ਼ਿਤਾਬ ਦਿੱਤਾ ਗਿਆ | ਇਹ ਟੂਰਨਾਮੈਂਟ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ | 12 ਟੀਮਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ ਅਤੇ ਸਾਰੇ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ | ਟੂਰਨਾਮੈਂਟ ਦਾ ਫਾਈਨਲ ਮੈਚ 30 ਨਵੰਬਰ ਨੂੰ ਹੋਵੇਗਾ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਮੁਕਤ ਰਹਿੰਦੇ ਹੋਏ ਸਿਹਤਮੰਦ ਰਹਿਣਾ ਇਕ ਵੱਡੀ ਚੁਨੌਤੀ ਹੈ, ਰੇਲ ਕਰਮਚਾਰੀਆਂ ਲਈ ਇਹ ਹੋਰ ਵੀ ਜ਼ਰੂਰੀ ਹੈ | ਕਿਉਂਕਿ ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ | ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਪ੍ਰੇਰਨਾ ਦਿੱਤੀ |