ਅਬੋਹਰ, 23 ਨਵੰਬਰ (ਵਿਵੇਕ ਹੂੜੀਆ)-ਸਥਾਨਕ ਬੱਸ ਸਟੈਂਡ ਤੋਂ ਚੋਰੀ ਹੋਈ ਰਾਜਸਥਾਨ ਰਜਿਸਟਰੇਸ਼ਨ ਨੰਬਰ ਵਾਲੀ ਇਕ ਨਿੱਜੀ ਬੱਸ, ਚੋਰੀ ਹੋਣ ਤੋਂ 24 ਘੰਟੇ ਬਾਅਦ ਮਲੋਟ ਨੇੜੇ ਇਕ ਬੰਦ ਖੰਡ ਮਿੱਲ ਦੇ ਬਾਹਰ ਤੋਂ ਸਹੀ ਹਾਲਤ ਵਿਚ ਬਰਾਮਦ ਕੀਤੀ ਗਈ | ਪੁਲਿਸ ਨੇ ਬੱਸ ਨੂੰ ਜ਼ਬਤ ਕਰ ਲਿਆ ਹੈ ਤੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 1 ਨੰਬਰ ਦੇ ਇੰਚਾਰਜ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਬੱਸ ਚੋਰੀ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਦੇ ਨਿਰਦੇਸ਼ਾਂ ਹੇਠ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ ਤੇ ਬੱਸ ਠੇਕੇਦਾਰਾਂ ਨਾਲ ਸੰਪਰਕ ਕਰਕੇ ਚੋਰੀ ਹੋਈ ਬੱਸ ਦੀ ਭਾਲ ਸ਼ੁਰੂ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦਿਨ-ਰਾਤ ਕੀਤੀ ਮਿਹਨਤ ਤੋਂ ਬਾਅਦ, ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਬੋਹਰ ਤੋਂ ਚੋਰੀ ਕੀਤੀ ਗਈ ਅਗਰਵਾਲ ਕੰਪਨੀ ਦੀ ਬੱਸ ਮਲੋਟ ਨੇੜੇ ਇਕ ਬੰਦ ਖੰਡ ਮਿੱਲ ਦੇ ਬਾਹਰ ਖੜੀ ਹੈ | ਪੁਲਿਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਬੱਸ ਨੂੰ ਸੁਰੱਖਿਅਤ ਕਬਜ਼ੇ ਵਿਚ ਲੈ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ | ਥਾਣਾ ਇੰਚਾਰਜ ਨੇ ਦੱਸਿਆ ਕਿ ਬੱਸ ਦਾ ਸਾਰਾ ਸਮਾਨ ਬਰਕਰਾਰ ਹੈ ਅਤੇ ਕੋਈ ਨੁਕਸਾਨ ਨਹੀਂ ਹੋਇਆ ਹੈ | ਇਸ ਦੌਰਾਨ ਜਦੋਂ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਨੂੰ ਬੱਸ ਸਟੈਂਡ 'ਤੇ ਖੜ੍ਹੀਆਂ ਬੱਸਾਂ ਦੀ ਸੁਰੱਖਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੱਸ ਸਟੈਂਡ ਠੇਕੇ 'ਤੇ ਦਿੱਤਾ ਹੈ ਅਤੇ ਠੇਕੇਦਾਰ ਨੂੰ ਰਾਤ ਭਰ ਰੁਕਣ ਵਾਲੀਆਂ ਬੱਸਾਂ ਲਈ ਇਕ ਚੌਕੀਦਾਰ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ |