ਜ਼ੀਰਾ, 23 ਨਵੰਬਰ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਵਿਚ ਸੋਨੂੰ ਰਾਮ ਪੁੱਤਰ ਪੰਨਾ ਰਾਮ ਪਰਿਵਾਰ ਸਮੇਤ ਰਾਜਸਥਾਨ ਤੋਂ ਆ ਕੇ ਮੁਹੱਲਾ ਗੋਗੋਆਣੀ ਜ਼ੀਰਾ ਵਿਖੇ ਰਹਿ ਰਿਹਾ ਸੀ ਅਤੇ ਮਿਹਨਤ ਮਜ਼ਦੂਰੀ ਕਰਦਾ ਸੀ | ਉਸ ਨੇ ਸ਼ਹਿਰ ਵਿਖੇ ਨੇਤਰਦਾਨੀਆਂ ਦੀ ਸੇਵਾ ਵੇਖਣ ਉਪਰੰਤ ਇਸ ਮਹਾਨ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਆਪਣੇ, ਬੇਟੇ ਵੀਰੂ ਅਤੇ ਆਪਣੀ ਨੂੰਹ ਸਿਮਰਨ ਦੇ ਵੀ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਸਤੇ ਫਾਰਮ ਭਰੇ ਹੋਏ ਹਨ | ਬਜ਼ੁਰਗ ਸੋਨੂੰ ਰਾਮ ਅਚਾਨਕ ਅਕਾਲ ਚਲਾਣਾ ਕਰ ਗਏ ਤਾਂ ਪਰਿਵਾਰ ਵਲੋਂ ਇਸ ਦੀ ਸੂਚਨਾ ਐਂਟੀ ਕੁਰਪਸ਼ਨ ਫੈਡਰੇਸ਼ਨ ਜ਼ੀਰਾ ਦੇ ਮੈਂਬਰਾਂ ਨੂੰ ਦਿੱਤੀ ਗਈ | ਇਸ ਸੰਸਥਾ ਨੇ ਤੁਰੰਤ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉੱਥੋਂ ਡਾਕਟਰਾਂ ਦੀ ਟੀਮ ਨੇ ਆ ਕੇ ਉਹਨਾਂ ਦੀਆਂ ਦੋਨੋਂ ਅੱਖਾਂ ਸੁਰੱਖਿਅਤ ਦਾਨ ਵਿਚ ਲਈਆਂ ਅਤੇ ਜਾ ਕੇ ਹਨੇਰੇ ਦੀ ਜ਼ਿੰਦਗੀ ਬਤੀਤ ਕਰ ਰਹੇ 2 ਲੋੜਵੰਦ ਵਿਅਕਤੀਆਂ ਨੂੰ ਲਗਾ ਕੇ ਉਹਨਾਂ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ | ਸਵ. ਸੋਨੂੰ ਰਾਮ ਦੇ ਲੜਕੇ ਵੀਰੂ ਰਾਮ ਨੇ ਦੱਸਿਆ ਕਿ ਇਹ ਮਹਾਨ ਦਾਨ ਜੋ ਮੇਰੇ ਪਿਤਾ ਦੀ ਇੱਛਾ ਸੀ, ਪੂਰੀ ਕਰਕੇ ਇਸ ਮਹਾਂ ਯੱਗ ਵਿਚ ਹਿੱਸਾ ਪਾ ਕੇ ਸਾਡੇ ਮਨ ਨੂੰ ਬਹੁਤ ਸਕੂਨ ਪ੍ਰਾਪਤ ਹੋਇਆ ਹੈ | ਉਹਨਾਂ ਦੀ ਇਸ ਵੱਡਮੁੱਲੀ ਮਹਾਨ ਸੇਵਾ ਦੀ ਸਾਰੇ ਸ਼ਹਿਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਸਮੇਂ ਐਂਟੀ ਕੁਰਪਸ਼ਨ ਫੈਡਰੇਸ਼ਨ ਦੇ ਅਹੁਦੇਦਾਰ ਨਰਿੰਦਰ ਕੁਮਾਰ ਨਾਰੰਗ ਸਟੇਟ ਡਾਇਰੈਕਟਰ,ਰਮੇਸ਼ ਚੰਦਰ ਜ਼ਿਲ੍ਹਾ ਡਾਇਰੈਕਟਰ, ਕਾਰਜਕਾਰੀ ਮੈਂਬਰ ਸੋਨੂੰ ਗੁਜਰਾਲ, ਸਤਪਾਲ ਨਰੂਲਾ ਆਦਿ ਹਾਜ਼ਰ ਸਨ | ਇਸ ਦੌਰਾਨ ਉਹਨਾਂ ਨੇ ਜ਼ੀਰਾ ਸ਼ਹਿਰ ਅਤੇ ਆਸ-ਪਾਸ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਮਰਨ ਉਪਰੰਤ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਕਰਨ ਵਾਸਤੇ ਫਾਰਮ ਭਰਨੇ ਚਾਹੀਦੇ ਹਨ ਜੋ ਕਿ ਬਹੁਤ ਹੀ ਵਡਮੁੱਲੀ ਸੇਵਾ ਹੈ |