ਜ਼ੀਰਾ, 7 ਦਸੰਬਰ (ਹਰਜੀਤ ਸਿੰਘ ਗਿੱਲ)-ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਕੀਲਾਂ ਵਾਲਾ ਤੋਂ ਚੋਣ ਮੈਦਾਨ ਵਿਚ ਹਨ | ਉਨ੍ਹਾਂ ਵਲੋਂ ਪਿੰਡ ਨੀਲੇ ਵਾਲਾ, ਪਿੰਡ ਵਕੀਲਾਂ ਵਾਲਾ, ਪਿੰਡ ਖੋਸਾ ਦਲ ਸਿੰਘ, ਪਿੰਡ ਮਰੂੜ੍ਹ ਅਤੇ ਹਰਦਾਸਾ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ | ਇਸ ਦੌਰਾਨ ਸਰਪੰਚ ਇਕਬਾਲ ਸਿੰਘ ਖੋਸਾ ਦੀ ਅਗਵਾਈ ਹੇਠ ਪਿੰਡ ਨੀਲੇ ਵਾਲਾ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਖੜ੍ਹਨ ਦਾ ਉਨ੍ਹਾਂ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ, ਸਫ਼ਾਈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੱਧ ਤੋਂ ਵੱਧ ਦੇਣਾ ਮੇਰੀ ਪਹਿਲ ਰਹੀ ਹੈ ਅਤੇ ਮੈਂ ਅੱਗੇ ਤੋਂ ਵੀ ਪਿੰਡਾਂ ਦੇ ਵਿਕਾਸ ਅਤੇ ਤੁਹਾਡੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ 90 ਫ਼ੀਸਦੀ ਲੋਕਾਂ ਨੂੰ ਘਰਾਂ ਦੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਖੇਤਾਂ ਲਈ ਮੁਫ਼ਤ ਨਿਰਵਿਘਨ ਬਿਜਲੀ ਅਤੇ ਹੋਰ ਬਹੁਤ ਸਾਰੇ ਕੰਮ ਸਰਕਾਰ ਵਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ | ਸ਼ੰਕਰ ਕਟਾਰੀਆ ਨੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਲੋਕਾਂ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਇਕਬਾਲ ਸਿੰਘ ਖੋਸਾ, ਮੈਂਬਰ ਸੁਖਪਾਲ ਸਿੰਘ ਬਰਾੜ, ਪ੍ਰਗਟ ਸਿੰਘ, ਦਰਸ਼ਨ ਸਿੰਘ ਖੋਸਾ, ਸਰਪੰਚ ਗਗਨਦੀਪ ਸਿੰਘ, ਸਰਪੰਚ ਦਲਜੀਤ ਸਿੰਘ ਅਵਾਣ, ਸੁੱਖ ਜ਼ੀਰਾ, ਲਾਡੀ ਕਟਾਰੀਆ ਜ਼ੀਰਾ, ਸੰਦੀਪ ਠੁਕਰਾਲ, ਗੁਰਜੰਟ ਸਿੰਘ, ਸੌਰਵ ਅਹੂਜਾ, ਅਨਿਲ ਧਵਨ, ਮਾਨਵ ਸਿੰਘ ਜੋਬਨਜੀਤ ਸਿੰਘ, ਕਪਿਲ ਧਵਨ, ਗੁਰਲਾਭ ਸਿੰਘ ਖੋਸਾ ਅਤੇ ਇੰਦਰਜੀਤ ਸਿੰਘ ਖੋਸਾ ਆਦਿ ਹਾਜ਼ਰ ਸਨ |