ਗੁਰੂਹਰਸਹਾਏ, 19 ਦਸੰਬਰ(ਹਰਚਰਨ ਸਿੰਘ ਸੰਧੂ)-ਕੋਆਪਰੇਟਿਵ ਸੋਸਾਇਟੀ ਪਿੰਡ ਕੋਹਰ ਸਿੰਘ ਵਾਲਾ ਦੇ ਸੈਕਟਰੀ ਖ਼ਿਲਾਫ਼ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲਿਮਟਿਡ ਗੁਰੂਹਰਸਹਾਏ ਨੂੰ ਇਕ ਦਰਖਾਸਤ ਦੇ ਕੇ ਪਿੰਡ ਕੋਹਰ ਸਿੰਘ ਵਾਲਾ ਦੇ ਵਾਸੀ ਨੇ ਖਾਦ ਨਾ ਦੇਣ ਸਬੰਧੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਗੁਰਦਾਸ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ ਨੇ ਦੱਸਿਆ ਕਿ ਉਹ ਕੋਹਰ ਸਿੰਘ ਵਾਲਾ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਹੈ | ਉਸ ਨੇ ਯੂਰੀਆ ਖਾਦ ਲੈਣ ਲਈ 18 ਨਵੰਬਰ ਨੂੰ 300 ਗੱਟੇ ਦਾ ਇਕ ਚੈੱਕ ਜੋ ਉਕਤ ਸੈਕਟਰੀ ਕੁਲਵਿੰਦਰ ਸਿੰਘ ਨੂੰ ਦਿੱਤਾ ਸੀ, ਪ੍ਰੰਤੂ ਉਸ ਨੇ ਇਕ ਮਹੀਨਾ ਬੀਤ ਜਾਣ ਤੇ ਵੀ ਮੈਨੂੰ ਖਾਦ ਮੁਹੱਈਆ ਨਹੀਂ ਕਰਵਾਈ, ਮੈਂ ਆਪਣੀ ਫ਼ਸਲ ਨੂੰ ਸਮੇਂ ਸਿਰ ਖਾਦ ਨਹੀਂ ਪਾ ਸਕਿਆ ਅਤੇ ਜਿਸ ਕਰਕੇ ਮੈਨੂੰ ਬਾਜ਼ਾਰ ਵਿਚੋਂ ਮਹਿੰਗੇ ਭਾਅ 'ਤੇ ਖਾਦ ਖ਼ਰੀਦਣੀ ਪਈ ਅਤੇ ਉਸ ਦੇ ਨਾਲ ਹੋਰ ਸਮਾਨ ਵੀ ਖ਼ਰੀਦਣਾ ਪਿਆ | ਜਿਸ ਨਾਲ ਮੇਰਾ ਆਰਥਿਕ ਨੁਕਸਾਨ ਹੋਇਆ ਹੈ | ਗੁਰਦਾਸ ਸਿੰਘ ਨੇ ਸ਼ੱਕ ਪ੍ਰਗਟਾਇਆ ਕਿ ਉਕਤ ਸੈਕਟਰੀ ਇਸ ਸੁਸਾਇਟੀ ਅੰਦਰ ਖਾਦ ਅਤੇ ਹੋਰ ਵਸਤਾਂ ਦੀ ਵੰਡ 'ਚ ਹੇਰ ਫੇਰ ਕਰ ਰਿਹਾ ਹੈ ਅਤੇ ਸੋਸਾਇਟੀ ਦੀ ਖਾਦ ਨੂੰ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਵੇਚ ਦਿੰਦਾ ਹੈ | ਜਿਸ ਨਾਲ ਸੋਸਾਇਟੀ ਦੇ ਹੋਰ ਮੈਂਬਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਹਾਇਕ ਰਜਿਸਟਰਾਰ ਸਰਕਾਰੀ ਸਭਾਵਾਂ ਲਿਮਟਿਡ ਗੁਰੂਹਰਸਹਾਏ ਨੂੰ ਦਰਖਾਸਤ ਦੇ ਕੇ ਗੁਰਦਾਸ ਸਿੰਘ ਨੇ ਇਸ ਦੀ ਜਾਂਚ ਪੜਤਾਲ ਦੀ ਮੰਗ ਕੀਤੀ ਹੈ | ਉੱਧਰ ਉਕਤ ਸੈਕਟਰੀ ਕੁਲਵਿੰਦਰ ਸਿੰਘ ਨਾਲ ਜਦ ਇਸ ਸਬੰਧੀ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਖਾਦ ਹਰ ਇਕ ਕਿਸਾਨ ਨੂੰ ਦਿੱਤੀ ਗਈ ਹੈ | ਗੁਰਦਾਸ ਸਿੰਘ ਕੋਲੋਂ ਖਾਲੀ ਚੈੱਕ ਜ਼ਰੂਰ ਲਿਆ ਗਿਆ ਹੈ ਅਤੇ ਉਸ ਨੂੰ ਵਾਰ-ਵਾਰ ਖਾਦ ਲਿਜਾਣ ਲਈ ਕਿਹਾ ਸੀ ਪਰ ਉਹ ਖਾਦ ਲੈ ਕੇ ਨਹੀਂ ਗਿਆ ਤੇ ਹੁਣ ਉਸ ਨੂੰ ਬਣਦੀ ਖਾਦ ਦੇ ਦਿੱਤੀ ਜਾਵੇਗੀ |