ਗੁਰੂਹਰਸਹਾਏ, 23 ਦਸੰਬਰ (ਹਰਚਰਨ ਸਿੰਘ ਸੰਧੂ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ ਜ਼ੋ ਪੰਚਾਇਤ ਚੋਣਾਂ ਦੋਰਾਨ ਹਿੰਸਕ ਝੜਪ ਨਾਲ ਸਬੰਧਤ ਇਕ ਮਾਮਲੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਕਪੂਰਥਲਾ ਦੀ ਜੇਲ੍ਹ ਵਿਚ ਸਨ, ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ | ਜਿਸ 'ਤੇ ਚੱਲਦਿਆਂ ਬੌਬੀ ਮਾਨ ਜੇਲ੍ਹ ਚੋਂ ਰਿਹਾਅ ਹੋ ਕੇ ਆਪਣੇ ਪਿੰਡ ਚੱਕ ਸੁਹੇਲੇ ਵਾਲਾ ਜਾਣ ਤੋਂ ਪਹਿਲਾਂ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ 'ਤੇ ਪਿੰਡ ਹਾਮਦ, ਪਿੰਡ ਗੁੱਦੜ ਢੰਡੀ ਨਜ਼ਦੀਕ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸ਼ਾਮ ਵੇਲੇ ਨਤਮਸਤਕ ਹੋਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਵੱਡੀ ਗਿਣਤੀ 'ਚ ਜੁੜੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਅਕਾਲੀ ਆਗੂ ਹਰਪਿੰਦਰ ਸਿੰਘ ਮਾਨ ਸਮੇਤ ਸੁਖਚੈਨ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਲੱਖੋਂ ਕੇ, ਹਰਜਿੰਦਰ ਸਿੰਘ ਕਿਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਸਾਬਕਾ ਸਰਪੰਚ ਬਾਘੂਵਾਲਾ, ਗੁਰਦਾਸ ਸਿੰਘ ਮੰਗੇਵਾਲੀਆ, ਪ੍ਰੀਤਮ ਸਿੰਘ ਬਾਠ, ਸੰਪੂਰਨ ਸਿੰਘ ਮਲਸੀਆਂ, ਲਖਵਿੰਦਰ ਸਿੰਘ ਮਹਿਮਾ, ਜਰਨੈਲ ਸਿੰਘ ਟਾਹਲੀ ਵਾਲਾ, ਸੇਵਕ ਸਿੰਘ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਸੰਧੂ, ਜੱਗਾ ਜ਼ੈਲਦਾਰ, ਬੇਅੰਤ ਸਿੰਘ ਵਕੀਲ, ਅਮਰਿੰਦਰ ਸਿੰਘ ਮਿਸ਼ਰੀ ਵਾਲਾ, ਜਸਪਾਲ ਸਿੰਘ ਲੱਖੋਂ ਕੇ, ਆਦਿ ਸਮੇਤ ਹਲਕਾ ਗੁਰੂਹਰਸਹਾਏ ਦੇ ਪਿੰਡਾਂ ਤੋਂ ਅਕਾਲੀ ਵਰਕਰ ਮੌਜੂਦ ਸਨ | ਇਸ ਮੌਕੇ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ ਨੇ ਕਿਹਾ ਕਿ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਉਹਨਾਂ ਨੂੰ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਕੇ ਸਚਾਈ ਲਈ ਰਾਹ ਪੱਧਰਾ ਕੀਤਾ ਹੈ |