ਅਬੋਹਰ, 25 ਦਸੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਬਾਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਸਥਾਨਕ ਨਵ-ਨਿਯੁਕਤ ਐੱਸ.ਪੀ ਅਸਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਅਤੇ ਵਕੀਲਾਂ ਦੇ ਵਫ਼ਦ ਨੇ ਐੱਸ.ਪੀ.ਨੂੰ ਕੋਰਟ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਚ ਪੁਲਿਸ ਸੁਰੱਖਿਆ ਵਧਾਉਣ ਅਤੇ ਇੱਥੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੀ ਮੰਗ ਕੀਤੀ | ਵਕੀਲਾਂ ਦੇ ਵਫ਼ਦ ਨੇ ਇਹ ਵੀ ਦੱਸਿਆ ਕਿ 11 ਦਸੰਬਰ ਨੂੰ ਕੋਰਟ ਕੰਪਲੈਕਸ ਵਿਚ ਅੰਨੇ੍ਹਵਾਹ ਗੋਲੀਆਂ ਚਲਾਉਣ ਨਾਲ ਇਕ ਵਿਅਕਤੀ ਦਾ ਕਤਲ ਵੀ ਹੋ ਗਿਆ ਸੀ | ਇਸ ਕਰਕੇ ਇੱਥੇ ਸੁਰੱਖਿਆ ਵਧਾਉਣ ਦੀ ਬੇਹੱਦ ਲੋੜ ਹੈ | ਇਸ ਦੌਰਾਨ ਐੱਸ.ਪੀ ਅਸਵੰਤ ਸਿੰਘ ਨੇ ਵਕੀਲਾਂ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਜਲਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣਗੇ | ਇਸ ਮੌਕੇ ਬਾਰ ਦੇ ਹੋਰ ਅਹੁਦੇਦਾਰ ਅਤੇ ਵਕੀਲ ਭਾਈਚਾਰਾ ਹਾਜ਼ਰ ਸੀ |