ਬੱਲੂਆਣਾ, 25 ਦਸੰਬਰ (ਜਸਮੇਲ ਸਿੰਘ ਢਿੱਲੋਂ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਬਜੀਦਪੁਰ ਭੋਮਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਸਵੇਰੇ ਸਾਢੇ 10 ਵਜੇ ਸ੍ਰੀ ਗੁਰਦੁਆਰਾ ਸਾਹਿਬ ਜੀ ਤੋਂ ਰਵਾਨਾ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਨੂੰ ਟਰੈਕਟਰ ਟਰਾਲੀ ਸਜਾ ਕੇ ਬਿਠਾਇਆ ਗਿਆ | ਪਿੰਡ ਦੀਆਂ ਔਰਤਾਂ ਨੇ ਅੱਗੇ-ਅੱਗੇ ਝਾੜੂ ਲਗਾ ਕੇ ਰਸਤਾ ਸਾਫ਼ ਕੀਤਾ ਅਤੇ ਪਾਣੀ ਛਿੜਕ ਕੇ ਰਸਤੇ ਨੂੰ ਪਵਿੱਤਰ ਕੀਤਾ ਗਿਆ | ਪਿੰਡ ਦੀਆਂ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ਵਿਚ ਪਿੰਡ ਵਾਸੀਆਂ ਵਲੋਂ ਥਾਂ-ਥਾਂ 'ਤੇ ਪਕੌੜੇ, ਜਲੇਬੀਆਂ ਅਤੇ ਬੂੰਦੀ ਦੇ ਅਤੁੱਟ ਲੰਗਰ ਲਗਾਏ ਗਏ | ਵੱਖ-ਵੱਖ ਪੜਾਵਾਂ 'ਤੇ ਢਾਡੀ ਜਥਿਆਂ ਵਲੋਂ ਗੁਰੂਆਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗਤਕੇ ਦੇ ਖਿਡਾਰੀਆਂ ਨੇ ਗਤਕੇ ਦੇ ਜੌਹਰ ਦਿਖਾਏ | ਰਾਗੀਆਂ ਢਾਡੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹੀਦੀ ਬਾਰੇ ਵਿਸਥਾਰ ਸਾਹਿੱਤ ਦੱਸਦਿਆਂ ਸ਼ਹੀਦੀ ਦੀਆਂ ਵਾਰਾਂ ਗਾਈਆਂ | ਕਰੀਬ 5 ਵਜੇ ਸਾਮ ਨਗਰ ਕੀਰਤਨ ਸ੍ਰੀ ਗੁਰਦੁਆਰਾ ਸਾਹਿਬ ਪੁੱਜਿਆ ਅਤੇ ਅਰਦਾਸ ਤੋਂ ਬਾਅਦ ਸੰਪੰਨ ਹੋਇਆ |