ਮੱਖੂ, 27 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਸੁਵਿਧਾਵਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ Tਪ੍ਰਸ਼ਾਸਨ ਗਾਂਓ ਕੀ ਓਰ 2025Uਮੁਹਿੰਮ ਤਹਿਤ ਮੱਖੂ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਗਏ | ਬੀ.ਡੀ.ਪੀ.ਓ ਮੱਖੂ ਵਿਜੇ ਵਿਕਰਾਂਤ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਭਰਾ, ਕਾਮਲ ਵਾਲਾ, ਜੋਗੇਵਾਲਾ, ਸੂਦਾਂ ਸਮੇਤ ਹੋਰ ਪਿੰਡਾਂ ਵਿਚ ਆਯੋਜਿਤ ਕੀਤੇ ਗਏ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਯੋਜਨਾਵਾਂ, ਭਲਾਈ ਸਕੀਮਾਂ ਅਤੇ ਲੋਕ-ਹਿਤੈਸ਼ੀ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਲੋਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ, ਅਰਜ਼ੀਆਂ ਅਤੇ ਕੰਮਕਾਜ ਨਾਲ ਸੰਬੰਧਿਤ ਮਾਮਲਿਆਂ ਨੂੰ ਮੌਕੇ 'ਤੇ ਹੀ ਨਿਪਟਾਉਣ ਲਈ ਉਚਿੱਤ ਕਦਮ ਚੁੱਕੇ ਗਏ | ਕਈ ਪਿੰਡ ਵਾਸੀਆਂ ਦੇ ਮਾਲ ਵਿਭਾਗ, ਸਮਾਜਿਕ ਸੁਰੱਖਿਆ, ਪੰਚਾਇਤੀ, ਵਿਕਾਸ ਅਤੇ ਹੋਰ ਵਿਭਾਗਾਂ ਨਾਲ ਜੁੜੇ ਮਸਲੇ ਤੁਰੰਤ ਹੱਲ ਕੀਤੇ ਗਏ |ਇਸ ਮੌਕੇ ਐਸ.ਡੀ.ਐਮ ਜ਼ੀਰਾ ਅਰਵਿੰਦਪਾਲ ਸਿੰਘ, ਤਹਿਸੀਲਦਾਰ ਜ਼ੀਰਾ ਸਤਵਿੰਦਰ ਸਿੰਘ ਅਤੇ ਬੀ.ਡੀ.ਪੀ.ਓ ਮੱਖੂ ਵਿਜੇ ਵਿਕਰਾਂਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਬਿਨਾਂ ਕਿਸੇ ਦੇਰੀ ਦੇ ਨਿਪਟਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪਿੰਡ ਪੱਧਰ 'ਤੇ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰਾਂ ਤੋਂ ਮੁਕਤ ਕਰਨਾ ਹੈ | ਪਿੰਡ ਵਾਸੀਆਂ ਨੇ ਵੀ ਇਨ੍ਹਾਂ ਵਿਸ਼ੇਸ਼ ਕੈਂਪਾਂ ਨੂੰ ਲੈ ਕੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਉਨ੍ਹਾਂ ਨੂੰ ਆਪਣੇ ਕੰਮ ਸੌਖੇ ਅਤੇ ਸਮੇਂ ਸਿਰ ਕਰਵਾਉਣ ਵਿਚ ਵੱਡੀ ਰਾਹਤ ਮਿਲ ਰਹੀ ਹੈ |