ਜ਼ੀਰਾ, 28 ਦਸੰਬਰ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਜ਼ੀਰਾ ਦੀ ਕੱਚਾ ਗਾਦੜੀ ਵਾਲਾ ਰੋਡ 'ਤੇ ਗਰੀਨ ਕਾਲੋਨੀ ਵਿਚ ਚੋਰਾਂ ਵਲੋਂ ਧੁੰਦ ਦਾ ਫ਼ਾਇਦਾ ਉਠਾਉਂਦਿਆਂ ਇਕ ਸੁੰਨੇ ਘਰ ਵਿਚ ਚੋਰੀ ਕਰਕੇ ਘਰ ਦਾ ਸਾਰਾ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਸਿਟੀ ਥਾਣਾ ਜ਼ੀਰਾ ਨੂੰ ਦਿੱਤੀ ਦਰਖਾਸਤ ਵਿਚ ਜਸਵਿੰਦਰ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਜਲੰਧਰ ਵਿਖੇ ਰਹਿੰਦੀ ਹੈ ਅਤੇ ਜ਼ੀਰਾ ਵਿਚ ਮੇਰਾ ਇਕ ਮਕਾਨ ਜੋ ਬੰਦ ਸੀ | ਉਸ ਵਿਚ ਬੀਤੇ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਰਾਤ ਨੂੰ ਘਰ ਵਿਚ ਦਾਖਲ ਹੋ ਕੇ ਤਿੰਨ ਏ.ਸੀ. ਇਕ ਵੱਡੀ ਫ਼ਰਿਜ ਇਕ ਐਲ.ਈ.ਡੀ, ਦੋ ਲੱਖ ਰੁਪਏ ਨਗਦ 2000 ਕੈਨੇਡੀਅਨ ਡਾਲਰ, ਸੋਨੇ ਦੀ ਚੈਨ, ਟਾਪਸ, ਕੜਾ, ਚਾਰ ਚੂੜੀਆਂ, ਗੱਦੇ ,ਛੱਤ ਵਾਲੇ ਪੰਜ ਪੱਖੇ, ਵਾਸ਼ਿੰਗ ਮਸ਼ੀਨ ਓਵਨ ਪਾਉਣ ਵਾਲੇ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ | ਇਸ ਚੋਰੀ ਦੀ ਘਟਨਾ ਦਾ ਪਤਾ ਉਹਨਾਂ ਨੂੰ ਅਗਲੇ ਦਿਨ ਗਵਾਂਢੀਆਂ ਦੇ ਦੱਸਣ ਅਨੁਸਾਰ ਲੱਗਾ | ਘਰ ਦੀ ਮਾਲਕਣ ਜਸਵਿੰਦਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਵਲੋਂ ਆਪਣੇ ਤੌਰ 'ਤੇ ਲਾਗਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਹੈ | ਜਿਸ ਵਿਚ ਤੜਕੇ 2 ਵਜੇ ਦੇ ਕਰੀਬ 6-7 ਆਦਮੀ ਜੋਨ ਡੀਅਰ ਟਰੈਕਟਰ ਟਰਾਲੀ 'ਤੇ ਸਮਾਨ ਲੱਦ ਕੇ ਲਿਜਾ ਰਹੇ ਹਨ | ਇਸ ਘਟਨਾ ਦੀ ਸੂਚਨਾ ਸਬੰਧੀ ਸਿਟੀ ਥਾਣਾ ਜ਼ੀਰਾ ਵਲੋਂ ਅ/ਧ 331(4)305 ਬੀ.ਐਨ.ਐਸ ਤਹਿਤ ਪਰਚਾ ਦਰਜ ਕਰਨ ਤੇ ਏ.ਐਸ.ਆਈ ਭੁਪਿੰਦਰ ਸਿੰਘ ਦੀ ਪੜਤਾਲ ਸਬੰਧੀ ਡਿਊਟੀ ਲਗਾ ਦਿੱਤੀ ਗਈ ਹੈ |