ਗੁਰੂਹਰਸਹਾਏ, 29 ਦਸੰਬਰ (ਕਪਿਲ ਕੰਧਾਰੀ)-ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਭਾਜਪਾ ਦੇ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵਾਰਡ ਨੰਬਰ 15 ਵਿਖੇ ਮਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ | ਜਾਣਕਾਰੀ ਦਿੰਦੇ ਹੋਏ ਰਾਣਾ ਸੋਢੀ ਦੇ ਸਿਆਸੀ ਸਲਾਹਕਾਰ ਵਿੱਕੀ ਸਿੱਧੂ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰਾਣਾ ਸੋਢੀ ਵਲੋਂ 15 ਨੰਬਰ ਵਾਰਡ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਭੋਗ ਪਵਾਏ ਗਏ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ | ਪਾਠ ਦੇ ਭੋਗ ਉਪਰੰਤ ਸੰਗਤ ਨੂੰ ਦੁੱਧ ਦਾ ਲੰਗਰ ਛਕਾਇਆ ਗਿਆ |