ਸਰਦੂਲਗੜ੍ਹ, 1 ਜੂਨ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੇ ਸ੍ਰੀ ਹਨੂੰਮਾਨ ਮੰਦਰ ਵਿਖੇ ਆਤਮਾ ਰਾਮ ਸਰਦੂਲਗੜ੍ਹ, ਮੰਗਤ ਰਾਮ ਕਰੰਡੀ, ਪਰਮਜੀਤ ਕੌਰ ਰੋੜਕੀ, ਦਯਾ ਰਾਮ ਦੀ ਪ੍ਰਧਾਨਗੀ ਹੇਠ 'ਜਨਤਕ ਜਥੇਬੰਦੀਆਂ ਦੇ ਸਾਂਝਾ ਮੰਚ' (ਜੇ.ਪੀ.ਐਮ.ਓ) ਦੀ ਤਹਿਸੀਲ ਪੱਧਰੀ ਕਨਵੈੱਨਸ਼ਨ ਹੋਈ | ਕਨਵੈੱਨਸ਼ਨ ਵਿਚ ਸੀ.ਟੀ.ਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਸਸਫ 1406-22 ਬੀ ਚੰਡੀਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਗੌਰਮਿੰਟ ਟੀਚਰ ਯੂਨੀਅਨ, ਸਫ਼ਾਈ ਸੇਵਕ ਯੂਨੀਅਨ, ਮਨਰੇਗਾ ਵਰਕਰ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ | ਮੱੁਖ ਵਕਤਾ ਮੰਚ ਦੇ ਸੂਬਾਈ ਕੋਆਰਡੀਨੇਟਰ ਮਹੀਪਾਲ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਖ਼ਿਲਾਫ਼ ਜਨ ਸੰਗਰਾਮ ਪ੍ਰਚੰਡ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਲੋਕਾਂ ਨੂੰ ਕੁਰਾਹੇ ਪਾ ਰਹੀਆਂ ਫਿਰਕੂ-ਫਾਸ਼ੀ ਵੰਡਵਾਦੀ ਤਾਕਤਾਂ ਨੂੰ ਭਾਂਜ ਦੇਣ ਦੀ ਵੀ ਅਪੀਲ ਕੀਤੀ | ਲਾਲ ਚੰਦ ਸਰਦੂਲਗੜ੍ਹ, ਗੁਰਦਾਸ ਸਿੰਘ ਰਾਇਪੁਰ, ਗੁਰਦੇਵ ਸਿੰਘ ਲੋਹਗੜ੍ਹ ਨੇ ਵੀ ਵਿਚਾਰ ਰੱਖੇ | ਮੰਚ ਸੰਚਾਲਨ ਦਰਸ਼ਨ ਸਿੰਘ ਜਟਾਣਾ ਨੇ ਕੀਤਾ | ਸਰਬਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਫ਼ੈਸਲਾ ਲਿਆ | ਜੁਲਾਈ ਦੇ ਦੂਜੇ ਹਫ਼ਤੇ ਬਠਿੰਡਾ ਵਿਖੇ ਹੋਣ ਜਾ ਰਹੀ ਮਗਨਰੇਗਾ ਮਜ਼ਦੂਰਾਂ ਦੀ ਕਨਵੈੱਨਸ਼ਨ ਵਿਚ ਵਿਸ਼ਾਲ ਜਥਾ ਭੇਜਣ ਅਤੇ 3 ਜੂਨ ਨੂੰ ਸਫ਼ਾਈ ਸੇਵਕਾਂ ਵਲੋਂ ਸਰਦੂਲਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ 'ਚ ਵੀ ਭਰਵਾਂ ਹਿੱਸਾ ਪਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਪੁਲਿਸ ਹਿਰਾਸਤ ਵਿਚ ਤਸੀਹੇ ਦੇ ਕੇ ਮਾਰੇ ਗਏ ਗੋਨਿਆਨਾ ਮੰਡੀ ਦੇ ਅਧਿਆਪਕ ਨੂੰ ਇਨਸਾਫ਼ ਦਿਵਾਉਣ ਲਈ 6 ਜੂਨ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਦੀ ਡਟਵੀਂ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ | ਸਰਬਸੰਮਤੀ ਨਾਲ ਗੁਰਦਾਸ ਸਿੰਘ ਰਾਇਪੁਰ, ਦਰਸ਼ਨ ਸਿੰਘ ਜਟਾਣਾ, ਦਇਆ ਰਾਮ, ਆਤਮ ਰਾਮ, ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ, ਮਨਦੀਪ ਸਿੰਘ 'ਤੇ ਆਧਾਰਿਤ ਤਾਲਮੇਲ ਕਮੇਟੀ ਚੁਣੀ ਗਈ |