ਰਾਮਪੁਰਾ ਫੂਲ, 2 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਤੋਂ ਕੁਝ ਦੂਰੀ 'ਤੇ ਲਹਿਰਾ ਬੇਗਾ ਟੋਲ ਪਲਾਜ਼ਾ ਤੋਂ ਸ਼ਹਿਰ ਨਿਵਾਸੀਆਂ ਨੂੰ ਟੋਲ ਫ਼ਰੀ ਦੀ ਸਹੂਲਤ ਦੇਣ ਲਈ ਆਪ ਪਾਰਟੀ ਦੀ ਸਥਾਨਕ ਆਗੂਆਂ ਨੇ ਕੁਝ ਸਮਾਂ ਪਹਿਲਾਂ ਯਤਨ ਆਰੰਭੇ ਸਨ ਪਰ ਉਸ ਦੇ ਬਾਵਜੂਦ ਵੀ ਸ਼ਹਿਰ ਨਿਵਾਸੀਆਂ ਲਈ ਟੋਲ ਟੈਕਸ ਜਿਉਂ ਦਾ ਤਿਉਂ ਕਾਇਮ ਹੈ | ਇੱਥੇ ਜ਼ਿਕਰਯੋਗ ਹੈ ਕਿ ਆਪ ਪਾਰਟੀ ਦੇ ਸਥਾਨਕ ਆਗੂਆਂ ਦੇ ਇੱਕ ਵਫ਼ਦ ਨੇ ਲਹਿਰਾ ਬੇਗਾ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਇੱਕ ਮੰਗ-ਪੱਤਰ ਦੇ ਕੇ ਅਤੇ ਵਿਚਾਰ ਚਰਚਾ ਕਰਕੇ ਪਹਿਲਾਂ ਹੀ ਇਸ ਮੰਗ ਬਾਰੇ ਉਨ੍ਹਾਂ ਦੇ ਧਿਆਨ ਵਿਚ ਸ਼ਹਿਰ ਨਿਵਾਸੀਆਂ ਦੀ ਪ੍ਰੇਸ਼ਾਨੀ ਤੋਂ ਜਾਣੂੰ ਕਰਵਾ ਦਿੱਤਾ ਗਿਆ ਸੀ | ਪਾਰਟੀ ਆਗੂਆਂ ਵਲੋਂ ਸ਼ਹਿਰੀਆਂ ਨੂੰ ਇਸ ਸਹੂਲਤ ਨੂੰ ਪ੍ਰਾਪਤ ਕਰਨ ਹਿਤ ਮੁਹਿੰਮ ਵੀ ਵਿੱਢ ਦਿੱਤੀ ਗਈ ਸੀ | ਸ਼ਹਿਰ ਨਿਵਾਸੀ ਕਹਿੰਦੇ ਆ ਰਹੇ ਹਨ ਕਿ ਇਸ ਹਾਈਵੇ 'ਤੇ ਲਹਿਰਾ ਮੁਹੱਬਤ ਵਿਖੇ ਰੇਲਵੇ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ ਵੀ ਆਉਣ ਜਾਣ ਵਿਚ ਪ੍ਰੇਸ਼ਾਨੀ ਆਉਂਦੀ ਹੈ ਅਤੇ ਮੀਂਹ ਦੇ ਮੌਸਮ ਵਿਚ ਇਸ ਹਾਈਵੇ 'ਤੇ ਪਾਣੀ ਜਮ੍ਹਾ ਹੋ ਜਾਂਦਾ ਹੈ | ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਨੂੰ ਕਿਸੇ ਇੱਕ ਪਾਰਟੀ ਦਾ ਮਸਲਾ ਨਾ ਸਮਝਿਆ ਜਾਵੇ | ਇੱਥੇ ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦੇ ਲੋਕਾਂ ਦੀ ਮੰਗ ਹੈ ਕਿ ਉਕਤ ਟੋਲ ਪਲਾਜ਼ਾ ਇਲਾਕੇ ਦੇ 20 ਕਿੱਲੋਮੀਟਰ ਘੇਰੇ ਅੰਦਰ ਆਉਂਦੇ ਦੂਜੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਾਂਗ ਉਨ੍ਹਾਂ ਨੂੰ ਵੀ ਟੋਲ ਫ਼ਰੀ ਦੀ ਸਹੂਲਤ ਦਿੱਤੀ ਜਾਵੇ ਜੋ ਹਾਲੇ ਤੱਕ ਰਾਮਪੁਰਾ ਸ਼ਹਿਰ ਦੇ ਨਿਵਾਸੀਆਂ ਨੂੰ ਨਸੀਬ ਨਹੀ ਹੋਈ | ਉਧਰ ਸ਼ਹਿਰ ਦੇ ਵਾਰਡ ਨੰਬਰ-6 ਦੇ ਕੌਂਸਲਰ ਸੂਰਜ ਰਾਜੋਰਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਵੱਖ-ਵੱਖ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਸ ਟੋਲ ਪਲਾਜ਼ਾ 'ਤੇ ਨਿਯਮਾਂ ਦੇ ਉਲਟ ਲੱਗਦਾ ਟੋਲ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ |