ਬਠਿੰਡਾ, 2 ਸਤੰਬਰ (ਪੱਤਰ ਪ੍ਰੇਰਕ)-ਮੀਂਹ ਕਾਰਨ ਸਥਾਨਕ ਆਦਰਸ਼ ਨਗਰ ਦੀ ਗਲੀ ਨੰਬਰ 1/ਸੀ ਦੀ ਵਸਨੀਕ ਇਕ ਵਿਧਵਾ ਔਰਤ ਦੇ ਘਰ ਦੀ ਛੱਤ ਡਿਗ ਗਈ ਤੇ ਮੀਂਹਾਂ ਦਾ ਮੌਸਮ ਹੋਣ ਕਾਰਨ ਉਨ੍ਹਾਂ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ | ਪੀੜਤ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੇ ਰਹਿਣ ਬਸੇਰੇ ਲਈ ਵਰਾਂਡੇ ਸਮੇਤ ਉਕਤ ਕਮਰਾ ਸੀ, ਜਿਸ ਵਿਚ ਉਹ ਆਪਣੀ ਅੰਗਹੀਣ ਧੀ ਨਾਲ ਗੁਜ਼ਾਰਾ ਕਰ ਰਹੀ ਸੀ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਉਨ੍ਹਾਂ ਦੇ ਇਸ ਕਮਰੇ ਦੀ ਵੀ ਛੱਤ ਡਿਗ ਗਈ ਹੈ ਤੇ ਉਹ ਹੁਣ ਵਰਾਂਡੇ 'ਚ ਪਲਾਸਟਿਕ ਦੇ ਕਾਗ਼ਜ਼ ਹੇਠਾਂ ਰਹਿਣ ਲਈ ਮਜਬੂਰ ਹਨ | ਪੀੜਤ ਨੇ ਕਿਹਾ ਕਿ ਉਹ ਕਮਾਉਣ ਵਾਲੀ ਘਰ ਦੀ ਇਕੋ-ਇਕ ਜੀਅ ਹੈ ਤੇ ਪਹਿਲਾਂ ਹੀ ਗੁਜ਼ਾਰਾ ਬੜੀ ਮੁਸ਼ਕਿਲ ਚਲਦਾ ਹੈ, ਪਰ ਹੁਣ ਘਰ ਦੀ ਛੱਤ ਡਿੱਗਣ ਕਰਕੇ ਉਨ੍ਹਾਂ ਉੱਪਰ ਦੁੱਖਾਂ ਦਾ ਹੋਰ ਪਹਾੜ ਡਿਗ ਪਿਆ ਹੈ | ਪੀੜਤਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਸਿਰ ਡੱਕਣ ਲਈ ਘਰ ਦੀ ਛੱਤ ਪਾਉਣ ਲਈ ਉਸ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ |