ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪਿੰਡ ਚਾਉਕੇ ਵਿਖੇ ਸਥਿਤ ਸਰਕਾਰੀ ਆਦਰਸ਼ ਸਕੂਲ ਅਤੇ ਡੈਮੋਕ੍ਰੇਟਿਕ ਟੀਚਰ ਫ਼ਰੰਟ ਦਾ ਸਾਂਝਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ, ਜਿਸ ਵਲੋਂ ਸਕੂਲ ਦਾ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ | ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਨੇ ਕਿਹਾ ਕਿ ਵਫ਼ਦ ਨੇ ਡੀ.ਸੀ. ਨੂੰ ਆਦਰਸ਼ ਸਕੂਲ ਚਾਉਕੇ ਦੇ ਸਾਰੇ ਮਾਮਲੇ ਤੋਂ ਜਾਣੂ ਕਰਵਾਉਂਦੇ ਦੱਸਿਆ ਕਿ ਲੰਬੇ ਸੰਘਰਸ਼ ਬਾਅਦ ਨਿੱਜੀ ਪ੍ਰਬੰਧਕਾਂ ਨੂੰ ਸਕੂਲ ਤੋਂ ਲਾਂਭੇ ਕਰ ਦਿੱਤਾ ਗਿਆ, ਪਰ ਉਨ੍ਹਾਂ ਦੀ ਹਮਾਇਤੀ ਪਿ੍ੰਸੀਪਲ ਵਲੋਂ ਸਕੂਲ ਸਟਾਫ਼ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ, ਜਿਸ ਬਾਰੇ ਕਈ ਵਾਰ ਤਤਕਾਲੀ ਡੀ.ਸੀ. ਨੂੰ ਦੱਸਿਆ ਗਿਆ, ਪਰ ਕੋਈ ਹੱਲ ਨਹੀਂ ਕੀਤਾ ਗਿਆ | ਵਫ਼ਦ ਨੇ ਡੀ.ਸੀ. ਤੋਂ ਮੰਗ ਕੀਤੀ ਕਿ ਉਕਤ ਪਿ੍ੰਸੀਪਲ ਨੂੰ ਲਾਂਭੇ ਕਰਦੇ ਹੋਏ ਪਵਨਦੀਪ ਕੌਰ ਦਾ ਪਿ੍ੰਸੀਪਲ ਦਾ ਅਹੁਦਾ ਬਹਾਲ ਕੀਤਾ ਜਾਵੇ, ਸੰਘਰਸ਼ੀ ਸਕੂਲ ਸਟਾਫ਼ ਨੂੰ ਮੁੜ ਬਹਾਲ ਕੀਤਾ ਜਾਵੇ, ਅਕਤੂਬਰ 2024 ਤੋਂ ਰੋਕੀ ਤਨਖ਼ਾਹ ਜਾਰੀ ਕੀਤੀ ਜਾਵੇ, ਸੀਨੀਅਰਤਾ ਬਹਾਲ ਕਰਦੇ ਹੋਏ 'ਈ-ਪੰਜਾਬ ਵੈੱਬਸਾਈਟ ਉੱਪਰ ਡਾਟਾ ਰੀਸਟੋਰ ਕੀਤਾ ਜਾਵੇ, ਅਧਿਆਪਕ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ, ਪਿਛਲੇ 5 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਕਿਸਾਨ ਬਲਦੇਵ ਸਿੰਘ ਚਾਉਕੇ ਤੇ ਸ਼ਗਨਪ੍ਰੀਤ ਸਿੰਘ ਜਿਉਂਦ ਨੂੰ ਤੁਰੰਤ ਰਿਹਾਅ ਕੀਤਾ ਜਾਵੇ, 15 ਅਧਿਆਪਕਾਂ ਦੀ ਤਨਖ਼ਾਹ ਉੱਪਰ ਸਕੂਲ ਪ੍ਰਬੰਧਕਾਂ ਵਲੋਂ ਫਰਵਰੀ ਤੇ ਅਪ੍ਰੈਲ 2024 ਤੋਂ ਲਗਾਇਆ ਕੱਟ ਖ਼ਤਮ ਕਰਕੇ ਜਨਵਰੀ ਮਹੀਨੇ ਅਨੁਸਾਰ ਤਨਖ਼ਾਹ ਜਾਰੀ ਕੀਤੀ ਜਾਵੇ ਅਤੇ ਅਧਿਆਪਕਾਂ ਦੀ ਨਵੰਬਰ ਅਤੇ ਦਸੰਬਰ 2023 ਤੋਂ ਰੋਕੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ, ਨਹੀਂ ਤਾਂ ਉਹ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਬੰਗੀ ਨੇ ਦੱਸਿਆ ਇਸ ਦੌਰਾਨ ਡੀ.ਸੀ. ਨੇ ਆਦਰਸ਼ ਸਕੂਲ ਚਾਉਕੇ ਦੇ ਪ੍ਰਸ਼ਾਸਕ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਡੀ.ਐਮ.ਐਫ. ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ, ਪੀ.ਪੀ.ਪੀ.ਐਫ. ਜ਼ਿਲ੍ਹਾ ਕਨਵੀਨਰ ਅੰਮਿ੍ਤਪਾਲ ਸਿੰਘ ਮਾਨ, ਕੋ-ਕਨਵੀਨਰ ਨਰਿੰਦਰ ਸਿੰਘ, ਅਵਤਾਰ ਸਿੰਘ ਮਲੂਕਾ, ਰਿਸ਼ੂ ਕੁਮਾਰ, ਸੁਨੀਲ ਕੁਮਾਰ, ਸੁਰਜੀਤ ਸਿੰਘ, ਅੰਮਿ੍ਤਪਾਲ ਸਿੰਘ ਸੈਣੇਵਾਲਾ, ਪਵਨਦੀਪ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਇੰਦਰਪ੍ਰੀਤ ਸਿੰਘ, ਅਨੂ ਅਗਰਵਾਲ, ਨੈਣਾ ਮੌਜੂਦ ਸਨ |