ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਰੀਜ਼ਨ ਅਧੀਨ ਪੈਂਦੀਆਂ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੇ ਆਪਣੀਆਂ ਭਖਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਦੀ ਇਕੱਤਰਤਾ ਦੌਰਾਨ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ, ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ, ਸੂਬਾ ਸੀਨੀਅਰ ਉੱਪ-ਪ੍ਰਧਾਨ ਜਗਦੇਵ ਸਿੰਘ ਰਾਮਪੁਰਾ ਅਤੇ ਸੂਬਾ ਜੂਨੀਅਰ ਉਪ-ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਵਿਭਾਗ ਵਲੋਂ ਮੈਡੀਕਲ ਭੱਤਾ ਜਾਰੀ ਨਹੀਂ ਕੀਤਾ ਜਾ ਰਿਹਾ, ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਐੱਲ.ਟੀ.ਸੀ., ਪੀ.ਪੀ.ਓ. ਜਾਰੀ ਨਹੀਂ ਕੀਤੇ ਜਾ ਰਹੇ ਅਤੇ ਨਗਰ ਕੌਂਸਲ ਮੌੜ ਦੇ ਮੁਲਾਜ਼ਮ ਹਰਮੇਲ ਸਿੰਘ ਦੀ ਸਰਵਿਸ ਬੁੱਕ ਵਿਚ ਕਿਸੇ ਵੀ ਲੇਖਾਕਾਰ ਵਲੋਂ ਲੋੜੀਂਦਾ ਇੰਦਰਾਜ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮ 'ਚ ਭਾਰੀ ਰੋਸ ਹੈ | ਉਨ੍ਹਾਂ ਸੂਬਾ ਸਰਕਾਰ ਵਲੋਂ ਜਨਵਰੀ 2004 ਤੋਂ ਮੁਲਾਜ਼ਮਾਂ ਦੇ ਮੈਡੀਕਲ ਖਰਚੇ ਦੀ ਪੂਰਤੀ ਬੰਦ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਕਿ ਜੋ ਨਗਰ ਪੰਚਾਇਤਾਂ ਡੀ-ਨੋਟੀਫਾਇਡ ਹੋ ਚੁੱਕੀਆਂ ਹਨ, ਉਨ੍ਹਾਂ 'ਚੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਦਾ ਬਕਾਇਆ, ਪੀ.ਐੱਫ. ਅਤੇ ਪੇਅ ਕਮਿਸ਼ਨ ਦਾ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ, ਨਹੀਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਦੌਰਾਨ ਤਰੁਣ ਕੁਮਾਰ ਗਿੱਦੜਬਾਹਾ ਆਪਣੇ ਸਾਥੀਆਂ ਸਮੇਤ ਯੂਨੀਅਨ 'ਚ ਸ਼ਾਮਲ ਹੋਏ, ਜਿੰਨ੍ਹਾਂ ਦਾ ਸੂਬਾ ਆਗੂਆਂ ਨੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯੂਨੀਅਨ ਦੀ ਮੈਂਬਰਸ਼ਿਪ ਦਿੱਤੀ ਗਈ | ਇਸ ਮੌਕੇ ਅਸ਼ੋਕ ਕੁਮਾਰ ਬਠਿੰਡਾ, ਗੁਰਦਰਸ਼ਨ ਸਿੰਘ ਗੋਨਿਆਣਾ, ਜੈ ਗੋਪਾਲ ਭੁੱਚੋ ਮੰਡੀ, ਬਿੱਕਰ ਸਿੰਘ ਸੰਗਤ, ਬੇਅੰਤ ਸਿੰਘ ਜੇ.ਈ. ਰਾਮਾਂ ਮੰਡੀ, ਸੁਰਜਨ ਰਾਮ, ਕੈਲਾਸ਼ ਕੁਮਾਰ ਤੇ ਸੂਬਾ ਪ੍ਰੈੱਸ ਸਕੱਤਰ ਜਗਮੇਲ ਸਿੰਘ ਮਹਿਰਾਜ ਮੌਜੂਦ ਸਨ |