ਬਠਿੰਡਾ, 3 ਸਤੰਬਰ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੋਂ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 25.30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਪਹਿਲੇ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਿਸ ਨੇ ਪਰਸਰਾਮ ਨਗਰ ਬਠਿੰਡਾ ਤੋਂ ਇਕ ਸ਼ੱਕੀ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ | ਤਲਾਸ਼ੀ ਦੌਰਾਨ ਉਕਤ ਔਰਤ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੀ ਗਈ ਔਰਤ ਦੀ ਪਹਿਚਾਣ ਬਬੀਤਾ ਰਾਣੀ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ | ਜਿਸ 'ਤੇ ਥਾਣਾ ਕੈਨਾਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਦੂਸਰੇ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਰਾਜਵੀਰ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਿਸ ਵਲੋਂ ਰਾਹੁਲ ਕੁਮਾਰ ਵਾਸੀ ਅਮਰਪੁਰਾ ਬਸਤੀ ਬਠਿੰਡਾ ਨੂੰ ਨਰੂਆਣਾ ਰੋਡ ਬਠਿੰਡਾ ਤੋਂ 7.30 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ, ਜਿਸ 'ਤੇ ਥਾਣਾ ਕੈਨਾਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਤੀਸਰੇ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਪ੍ਰਦੀਪ ਕੁਮਾਰ ਅਨੁਸਾਰ ਥਾਣਾ ਸਦਰ ਪੁਲਿਸ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਬੱਲੂਆਣਾ ਤੋਂ ਇਕ ਵਿਅਕਤੀ ਨੂੰ 8 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਬੀੜ ਤਲਾਬ ਵਜੋਂ ਹੋਈ ਹੈ | ਜਿਸ 'ਤੇ ਥਾਣਾ ਸਦਰ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ |