ਭੁੱਚੋ ਮੰਡੀ, 27 ਸਤੰਬਰ (ਬਿੱਕਰ ਸਿੰਘ ਸਿੱਧੂ)- ਪੀ.ਐੱਮ. ਸ੍ਰ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਵਿਦਿਆਰਥੀਆਂ ਵਿਚ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਤੌਰ 'ਤੇ ਐਡਵੋਕੇਟ ਗੁਰਪਾਲ ਸਿੰਘ ਬਰਾੜ (ਸਾਈਬਰ ਲਾਅ ਐਕਸਪਰਟ) ਵਲੋਂ ਸ਼ਿਰਕਤ ਕੀਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਾਈਬਰ ਸਕਿਉਰਟੀ ਸੰਬੰਧੀ ਗੱਲਬਾਤ ਕੀਤੀ | ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਈਬਰ ਸੁਰੱਖਿਆ ਉਹ ਪ੍ਰਕਿਰਿਆ ਹੈ ਜੋ ਕੰਪਿਊਟਰ ਸਿਸਟਮਾਂ, ਨੈੱਟਵਰਕਾਂ ਅਤੇ ਡਿਜ਼ਿਟਲ ਡੇਟਾ ਨੂੰ ਅਣਚਾਹੇ ਪਹੁੰਚ, ਹਮਲਿਆਂ ਜਾਂ ਨੁਕਸਾਨ ਤੋਂ ਬਚਾਉਂਦੀ ਹੈ | ਇਸ ਵਿੱਚ ਸਾਈਬਰ ਹਮਲਿਆਂ ਦੀ ਰੋਕਥਾਮ, ਪਛਾਣ ਅਤੇ ਉਨ੍ਹਾਂ ਦਾ ਜਵਾਬ ਦੇਣਾ ਸ਼ਾਮਿਲ ਹੁੰਦਾ ਹੈ ਜੋ ਕਿ ਵਿਅਕਤੀਆਂ, ਸੰਸਥਾਵਾਂ ਅਤੇ ਸਮੂਹ ਦੇਸ਼ ਉੱਤੇ ਪ੍ਰਭਾਵ ਪਾ ਸਕਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏ.ਟੀ.ਐਮ. ਕਾਰਡ ਅਤੇ ਕ੍ਰੈਡਿਟ ਕਾਰਡ ਦੀ ਸਹੀ ਵਰਤੋਂ ਬਾਰੇ ਤੇ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਬਚਾਉਣ ਦੇ ਨੁਕਤਿਆਂ ਬਾਰੇ ਚਰਚਾ ਕੀਤੀ | ਲੈਕਚਰ ਵਿਚ ਲਗਭਗ 80 ਵਿਦਿਆਰਥੀਆਂ ਨੇ ਭਾਗ ਲਿਆ ਤੇ ਸੈਸ਼ਨ ਇਕ ਘੰਟੇ ਲਈ ਚੱਲਿਆ | ਇਸ ਲੈਕਚਰ ਵਿਚ ਮੁੱਖ ਤੌਰ 'ਤੇ ਵਿਦਿਆਰਥੀਆਂ ਨੂੰ ਆਨਲਾਈਨ ਵੈਬਸਾਈਟ ਰਾਹੀਂ ਹੋਣ ਵਾਲੀ ਧੋਖਾਧੜੀ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ | ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਠੱਗੀਆਂ ਤੋਂ ਬਚਣ ਲਈ ਵੱਖ-ਵੱਖ ਤਰੀਕੇ ਵੀ ਦੱਸੇ ਗਏ | ਪ੍ਰੋਗਰਾਮ ਦੇ ਅੰਤ ਵਿਚ ਇੰਚਾਰਜ ਪਿ੍ੰਸੀਪਲ ਦਵਿੰਦਰ ਪਾਲ ਬਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਨੂੰ ਆਪਣੀ ਜਿੰਦਗੀ ਵਿਚ ਵਰਤਣ ਦੀ ਪ੍ਰੇਰਣਾ ਦਿੱਤੀ | ਪੂਰੇ ਪ੍ਰੋਗਰਾਮ ਦੌਰਾਨ ਰਵਿੰਦਰ ਸਿੰਘ (ਡੀਪੀਈ), ਸ੍ਰੀਮਤੀ ਅਰਪਨਾ, ਮਹਿੰਦਰ ਪਾਲ, ਮੀਨਾਕਸ਼ੀ ਧਵਨ, ਕੀਰਤੀ, ਗੁਰਪ੍ਰੀਤ ਕੌਰ, ਮੋਤੀ ਰਾਮ, ਗੁਰਮੇਲ ਸਿੰਘ ਦਾ ਪੂਰਨ ਸਹਿਯੋਗ ਰਿਹਾ |