ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੇ ਐਲਾਨ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਹੇਠ ਤਸਕਰਾਂ ਤੇ ਪੁਲਿਸ ਦੇ ਗੱਠਜੋੜ ਦੇ ਚੱਲਦਿਆਂ ਵੀਕ ਰਹੇ ਹਨ | ਝੋਟਾ ਤੇ ਸਾਥੀਆਂ ਨੇ ਰੇਲਵੇ ਫਾਟਕ ਮਾਨਸਾ ਨੇੜੇ ਉਸ ਥਾਂ 'ਤੇ ਨਾਕਾ ਲਗਾਇਆ ਜਿੱਥੇ ਕਈ ਮੈਡੀਕਲ ਦੀਆਂ ਦੁਕਾਨਾਂ ਹਨ | ਉਨ੍ਹਾਂ ਕਿਹਾ ਕਿ ਸਵੇਰੇ 7:30 ਵਜੇ ਤੋਂ 10:00 ਵਜੇ ਤੱਕ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ | ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਦਾ ਭਰੋਸਾ ਦੇਣ 'ਤੇ ਟਾਸਕ ਫੋਰਸ ਦੇ ਕਾਰਕੁਨਾਂ ਨੇ ਆਪਣਾ ਨਾਕਾ ਚੁੱਕ ਲਿਆ ਅਤੇ ਕਿਹਾ ਕਿ ਜੇਕਰ ਨਸ਼ੀਲੀਆਂ ਵਸਤਾਂ ਇਸੇ ਤਰ੍ਹਾਂ ਵਿਕਦੀਆਂ ਰਹੀਆਂ ਤਾਂ ਅਗਲੇ ਦਿਨਾਂ 'ਚ ਮੁਕੰਮਲ ਨਾਕਾਬੰਦੀ ਕੀਤੀ ਜਾਵੇਗੀ | ਇਸ ਮੌਕੇ ਇੰਦਰਜੀਤ ਸਿੰਘ ਮੁਨਸ਼ੀ, ਰੂਬੀ ਮਾਨਰੇ ਤੇ ਮਜ਼ਦੂਰ ਆਗੂ ਹਾਜ਼ਰ ਸਨ |