ਲਹਿਰਾ ਮੁਹੱਬਤ, 28 ਸਤੰਬਰ (ਸੁਖਪਾਲ ਸਿੰਘ ਸੁੱਖੀ)- ਸਥਾਨਕ ਸੀਮਿੰਟ ਫ਼ੈਕਟਰੀ ਨੂੰ ਜਾਂਦੀ ਸੜਕ ਜੋ ਕਿ ਨੈਸ਼ਨਲ ਹਾਈਵੇ-7 ਤੋਂ ਲਗਭਗ 4.5 ਕਿੱਲੋਮੀਟਰ ਦੂਰ ਹੈ, ਪਿੰਡ ਲਹਿਰਾ ਮੁਹੱਬਤ ਤੇ ਬਾਠ ਨੂੰ ਵੀ ਜੋੜਦੀ ਹੈ | ਸੀਮਿੰਟ ਫ਼ੈਕਟਰੀ ਦੇ ਰੋਜ਼ਾਨਾ ਲਗਭਗ 250 ਤੋਂ ਵੀ ਜ਼ਿਆਦਾ ਭਾਰੀ ਟਰੱਕ ਟਰਾਲੇ ਦੀ ਆਵਾਜਾਈ ਕਾਰਨ ਸੜਕ ਆਪਣੀ ਮਿਆਦ ਤੋਂ ਪਹਿਲਾਂ ਹੀ ਟੁੱਟ ਜਾਂਦੀ ਹੈ | ਇਸ ਸਬੰਧੀ ਸੀਟੂ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਲਟ੍ਰਾਟੈਕ ਸੀਮਿੰਟ ਮੈਨੇਜਮੈਂਟ ਵਲੋਂ ਇਸ ਸੜਕ ਨੂੰ ਚੌੜਾ ਕਰਨ ਲਈ ਇਸ ਦੀ ਦੋਨੋਂ ਸਾਈਡ ਦੀਵਾਰ ਬਣਾਈ ਸੀ | ਜਿਹੜੀ ਕਿ ਹੁਣ ਥਾਂ-ਥਾਂ ਤੋਂ ਟੁੱਟ ਰਹੀ ਹੈ ਅਤੇ ਮੀਂਹ ਕਾਰਨ ਘਾਰੇ ਪੈ ਰਹੇ ਹਨ | ਜਿਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਰਾਹਗੀਰਾਂ ਲਈ ਵੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਸੀਮਿੰਟ ਦੇ ਭਰੇ ਭਾਰੀ ਟਰੱਕ ਟਰਾਲੇ ਲੰਘਣ ਕਰਕੇ ਇਸ ਸੜਕ 'ਤੇ ਲਗਭਗ ਫੁੱਟ-ਫੁੱਟ ਡੂੰਘੇ ਖੱਡੇ ਬਣ ਗਏ ਹਨ | ਇਹ ਟੋਟੇ ਮੀਂਹ ਦੇ ਪਾਣੀ ਨਾਲ ਭਰ ਜਾਣ ਕਰਕੇ ਅਤੇ ਧੂੜ-ਮਿੱਟੀ ਉਡਣ ਕਰਕੇ ਦਿਖਾਈ ਨਹੀਂ ਦਿੰਦੇ | ਫ਼ੈਕਟਰੀ ਦੇ ਵਰਕਰ ਕਈ ਵਾਰ ਇਨ੍ਹਾਂ ਖੱਡਿਆਂ 'ਚ ਡਿੱਗੇ ਪਰ ਨੁਕਸਾਨ ਤੋਂ ਬਚਾਅ ਹੋਇਆ | ਜਦੋਂ ਇਸ ਸਬੰਧੀ ਅਲਟ੍ਰਾਟੈਕ ਸੀਮਿੰਟ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੜਕ ਬਣਾਉਣ ਦਾ ਕੰਮ ਪ੍ਰਸ਼ਾਸਨ ਦਾ ਹੈ | ਅਸੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਦੇ ਹਾਂ ਕਹਿ ਕੇ ਪੱਲਾ ਝਾੜ ਲਿਆ | ਅਲਟ੍ਰਾਟੈਕ ਸੀਮਿੰਟ ਦੀ ਮਸ਼ਹੂਰੀ ਲਈ ਅਤੇ ਸੁਰੱਖਿਆ ਦੇ ਨਾਂ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ | ਹੈਰਾਨੀ ਦੀ ਗੱਲ ਹੈ ਕਿ ਫਿਰ ਸੜਕ ਦੇ ਨਿਰਮਾਣ ਕਰਵਾਉਣ ਵਿਚ ਚੁੱਪ ਕਿਉਂ ਧਾਰੀ ਹੋਈ ਹੈ | ਇਸ ਸਮੇਂ ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸੜਕ ਦਾ ਕੰਮ ਜਲਦੀ ਸ਼ੁਰੂ ਨਾ ਕੀਤਾ ਗਿਆ ਜਾਂ ਇਸ ਸੜਕ ਦੇ ਕਾਰਨ ਕੋਈ ਹਾਦਸਾ ਵਾਪਰਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਅਲਟ੍ਰਾਟੈਕ ਸੀਮਿੰਟ ਮੈਨੇਜਮੈਂਟ ਤੇ ਪ੍ਰਸ਼ਾਸਨ ਦੀ ਹੋਵੇਗੀ |